ਰਾਸ਼ਟਰਮੰਡਲ ਖੇਡਾਂ ਦਾ ਸ਼ਾਨਦਾਰ ਅੰਤ ਕਰਨਾ ਚਾਹੁੰਦੀ ਹੈ ਪੂਨੀਆ

03/21/2018 2:50:36 PM

ਨਵੀਂ ਦਿੱਲੀ (ਬਿਊਰੋ)— ਸੀਮਾ ਪੂਨੀਆ ਭਲੇ ਹੀ ਡੋਪਿੰਗ ਦੇ ਕਾਰਨ ਚਰਚਾ 'ਚ ਰਹੀ ਹੋਵੇ, ਪਰ ਅਗਲੇ ਮਹੀਨੇ ਹੋਣ ਵਾਲੇ ਰਾਸ਼ਟਰਮੰਡਲ ਖੇਡਾਂ 'ਚ ਉਹ ਭਾਰਤੀ ਐਥਲੀਟਾਂ 'ਚ ਤਗਮੇ ਦੀ ਸਰਵਸ੍ਰੇਸ਼ਠ ਦਾਵੇਦਾਰ ਹੈ ਅਤੇ ਸ਼ਾਟ ਪੁੱਟ ਦੀ ਇਹ ਖਿਡਾਰਨ ਵੀ ਇਨ੍ਹਾਂ ਖੇਡਾਂ ਦੇ ਆਪਣੇ ਅਭਿਆਨ ਦਾ ਸ਼ਾਨਦਾਰ ਅੰਤ ਕਰਨ ਲਈ ਵਚਨਬੱਧ ਹੈ। ਰਾਸ਼ਟਰਮੰਡਲ ਖੇਡਾਂ ਦੇ ਇਤਿਹਾਸ 'ਚ ਸੀਮਾ ਭਾਰਤ ਦੀ ਸਭ ਤੋਂ ਸਫਲ ਐਥਲੀਟ ਰਹੀ ਹੈ। ਉਸ ਨੇ ਜਦੋਂ ਵੀ ਇਨ੍ਹਾਂ ਖੇਡਾਂ 'ਚ ਹਿੱਸਾ ਲਿਆ ਤਗਮਾ ਜ਼ਰੂਰ ਜਿੱਤਿਆ ਹੈ।
ਸੀਮਾ ਨੇ ਸਭ ਤੋਂ ਪਹਿਲਾਂ ਮੈਲਬਰਨ 2006 'ਚ ਭਾਗ ਲਿਆ ਸੀ ਜਿਥੇ ਉਸ ਨੇ ਚਾਂਦੀ ਤਗਮਾ ਜਿੱਤਿਆ।  ਇਸ ਤੋਂ ਬਾਅਦ ਉਹ 2010 ਅਤੇ 2014 'ਚ ਵੀ ਪੋਡਿਅਮ ਤਕ ਪਹੁੰਚੀ। ਹੁਣ ਉਹ 34 ਸਾਲ ਦੀ ਹੈ ਅਤੇ ਗੋਲਡ ਕੋਸਟ 'ਚ ਹੋਣ ਵਾਲੇ ਖੇਡਾਂ ਦੀ ਵਡੀ ਦਾਅਵੇਦਾਰ ਹੈ। ਆਪਣੇ ਸ਼ਾਨਦਾਰ ਕਰੀਅਰ 'ਚ ਸੀਮਾ ਨੇ ਤਿਨ ਓਲੰਪਿਕ (2004, 2012 ਅਤੇ 2016), ਇਕ ਏਸ਼ੀਆਈ ਖੇਡ 2014 ਅਤੇ ਤਿਨ ਰਾਸ਼ਟਰਮੰਡਲ ਖੇਡਾਂ 'ਚ ਹਿੱਸਾ ਲਿਆ ਹੈ। ਗੋਲਡ ਕੋਸਟ 'ਚ ਉਹ ਆਖਰੀ ਵਾਰ ਰਾਸ਼ਟਰਮੰਡਲ ਖੇਡਾਂ 'ਚ ਹਿੱਸਾ ਲਵੇਗੀ। ਸੀਮਾ ਦੀਆਂ ਨਜ਼ਰਾਂ 2020 ਓਲੰਪਿਕ ਖੇਡਾਂ 'ਤੇ ਟਿਕੀਆਂ ਹਨ।
ਅਮਰੀਕਾ 'ਚ ਪ੍ਰੈਕਟਿਸ ਕਰ ਰਹੀ ਸੀਮਾ ਨੇ ਕਿਹਾ ਕਿ, '' ਇਹ ਮੇਰੇ ਚੌਥੇ ਰਾਸ਼ਟਰਮੰਡਲ ਖੇਡ ਹੋਣਗੇ ਅਤੇ ਮੈਨੂੰ ਪੂਰਾ ਭਰੋਸਾ ਹੈ ਕਿ ਮੈਂ ਗੋਲਡ ਕੋਸਟ 'ਚ ਤਗਮਾ ਜਿੱਤ ਸਕਾਂਗੀ। ਹਾਲਾਂਕਿ ਮੈਂ ਨਹੀਂ ਕਹਿ ਸਕਦੀ ਕਿ ਤਗਮੇ ਦਾ ਰੰਗ ਕੀ ਹੋਵੇਗਾ। ਮੈਂ ਨਹੀਂ ਜਾਣਦੀ ਕਿ 2022 'ਚ ਹੋਣ ਵਾਲੀ ਬਰਮਿੰਘਮ ਰਾਸ਼ਟਰਮੰਡਲ ਖੇਡਾਂ ਲਈ ਮੈਂ ਖੁਦ ਨੂੰ ਫਿੱਟ ਰਖ ਪਾਉਂਗੀ ਜਾਂ ਨਹੀਂ, ਪਰ ਮੈਂ 2020 ਓਲੰਪਿਕ ਖੇਡਾਂ ਤਕ ਬਣੇ ਰਹਿਣਾ ਚਾਹੁੰਦੀ ਹਾਂ। ਮੈਂ ਅਜੇ ਖਤਮ ਨਹੀਂ ਹੋਈ ਹਾਂ। ਹਰਿਆਣਾ ਦੇ ਸੋਨੀਪਤ ਜਿਲੇ ਦੇ ਖੇਵੜਾ ਪਿੰਡ 'ਚ ਜਨਮੀ ਸੀਮਾ ਨੇ 11 ਸਾਲ ਦੀ ਉਮਰ ਤੋਂ ਹੀ ਐਥਲੈਟਿਕਸ 'ਚ ਪ੍ਰਵੇਸ਼ ਕਰ ਲਿਆ ਸੀ। ਸੀਮਾ ਨੇ 17 ਸਾਲ ਦੀ ਉਮਰ 'ਚ ਵਿਸ਼ਵ ਜੂਨੀਅਰ ਐਥਲੈਟਿਕਸ ਚੈਂਪੀਅਨਸ਼ਿਪ 'ਚ ਸ਼ਾਟ ਪੁੱਟ 'ਚ ਸੋਨ ਤਗਮਾ ਜਿੱਤਿਆ ਸੀ, ਪਰ ਡੋਪਿੰਗ ਦੇ ਦੋਸ਼ ਕਾਰਨ ਉਸ ਦਾ ਤਗਮਾ ਖੋਹ ਲਿਆ ਗਿਆ ਸੀ। ਸੀਮਾ ਨੇ ਸਿਉਡੌਫੈਡਰਿਨ ਲਈ ਸੀ ਜਿਸ ਨੂੰ ਜੁਕਾਮ ਹੋਣ 'ਤੇ ਲਿਆ ਜਾਂਦਾ ਹੈ। ਇਸ ਤੋਂ ਬਾਅਦ ਉਸ ਦਾ ਕਰੀਅਰ ਉਤਰਾਅ-ਚੜਾਅ ਵਾਲਾ ਰਿਹਾ। ਓਲੰਪਿਕ 2012 ਅਤੇ 2016 'ਚ ਉਹ ਕੁਆਲੀਫਾਇਰ ਦੌਰ 'ਚ ਹੀ ਬਾਹਰ ਹੋ ਗਈ ਸੀ। ਉਸ ਨੇ ਕਿਹਾ ਕਿ ਮੈਨੂੰ ਕਰੀਅਰ ਨੂੰ ਲੈ ਕੇ ਕੋਈ ਜ਼ਿਆਦਾ ਦੁਖ ਨਹੀਂ ਹੈ, ਪਰ ਓਲੰਪਿਕ 'ਚ ਨਾਕਾਮੀ ਮੈਨੂੰ ਅਜੇ ਵੀ ਪਰੇਸ਼ਾਨ ਕਰਦੀ ਹੈ। ਇਸ ਲਈ ਮੈਂ 2020 'ਚ ਭਾਗ ਲੈ ਕੇ ਚੰਗਾ ਪ੍ਰਦਰਸ਼ਨ ਕਰਨਾ ਚਾਹੁੰਗੀ। ਸੀਮਾ ਨੇ ਕਿਹਾ ਕਿ ਮੈਂ ਸਰਕਾਰ ਤੋਂ ਜ਼ਿਆਦਾ ਕੁਝ ਉਮੀਦ ਨਹੀਂ ਕਰਦੀ। ਮੈਂ ਚੋਟੀ ਦੇ ਪ੍ਰੋਗਰਾਮ 'ਚ ਸ਼ਾਮਲ ਨਹੀਂ ਹਾਂ ਅਤੇ ਮੈਨੂੰ ਪੁਰਸਕਾਰ ਤੋਂ ਵਾਂਝੇ ਰੱਖਿਆ ਗਿਆ ਹੈ।