ਪੂਜਾ ਨੇ 10 ਮੀਟਰ ਏਅਰ ਰਾਈਫਲ ਮੁਕਾਬਲੇ ''ਚ ਜਿੱਤਿਆ ਸੋਨ, ਮਰਦਾਂ ਦਾ ''ਕਲੀਨ ਸਵੀਪ''

11/02/2017 4:39:35 AM

ਨਵੀਂ ਦਿੱਲੀ— ਭਾਰਤ ਦੀ ਹਿਨਾ ਸਿੱਧੂ ਤੋਂ ਬਾਅਦ ਬ੍ਰਿਸਬੇਨ 'ਚ ਚੱਲ ਰਹੀ ਰਾਸ਼ਟਰਮੰਡਲ ਨਿਸ਼ਾਨੇਬਾਜ਼ੀ ਚੈਂਪੀਅਨਸ਼ਿਪ ਦੇ ਦੂਸਰੇ ਦਿਨ ਪੂਜਾ ਘਾਟਕਰ ਨੇ ਮਹਿਲਾਵਾਂ ਦੇ 10 ਮੀਟਰ ਏਅਰ ਰਾਈਫਲ ਮੁਕਾਬਲੇ 'ਚ ਦੇਸ਼ ਨੂੰ ਸੋਨਾ ਦੁਆ ਦਿੱਤਾ, ਜਦਕਿ ਮਰਦਾਂ ਦੇ 10 ਮੀਟਰ ਪਿਸਟਲ ਮੁਕਾਬਲੇ 'ਚ ਸ਼ਹਿਜਾਰ ਰਿਜ਼ਵੀ ਦੇ ਸੋਨੇ ਸਮੇਤ ਭਾਰਤੀ ਨਿਸ਼ਾਨੇਬਾਜ਼ਾਂ ਨੇ ਤਿੰਨ ਤਮਗੇ ਆਪਣੇ ਨਾਂ ਕੀਤੇ।
ਬ੍ਰਿਸਬੇਨ 'ਚ ਚੱਲ ਰਹੀ ਨਿਸ਼ਾਨੇਬਾਜ਼ੀ ਚੈਂਪੀਅਨਸ਼ਿਪ 'ਚ ਭਾਰਤ ਦੇ ਮਹਿਲਾ ਤੇ ਮਰਦ ਨਿਸ਼ਾਨੇਬਾਜ਼ਾਂ ਨੇ ਕਮਾਲ ਦਾ ਪ੍ਰਦਰਸ਼ਨ ਕੀਤਾ। ਮਰਦਾਂ ਦੇ 10 ਮੀਟਰ ਏਅਰ ਪਿਸਟਲ ਮੁਕਾਬਲੇ 'ਚ ਸ਼ਹਿਜਾਰ ਰਿਜ਼ਵੀ ਨੇ ਸੋਨ ਤਮਗਾ, ਓਮਕਾਰ ਸਿੰਘ ਨੇ ਚਾਂਦੀ ਅਤੇ ਜੀਤੂ ਰਾਏ ਨੇ ਕਾਂਸੀ 'ਤੇ ਕਬਜ਼ਾ ਕਰ ਕੇ ਕਲੀਨ ਸਵੀਪ ਕਰ ਲਿਆ। 


ਮਹਿਲਾਵਾਂ ਦੇ 10 ਮੀਟਰ ਏਅਰ ਰਾਈਫਲ ਪਿਸਟਲ ਮੁਕਾਬਲੇ 'ਚ ਵੀ ਭਾਰਤੀ ਨਿਸ਼ਾਨੇਬਾਜ਼ਾਂ ਨੇ ਜ਼ਬਰਦਸਤ ਪ੍ਰਦਰਸ਼ਨ ਕੀਤਾ। ਪੂਜਾ ਨੇ ਫਾਈਨਲ 'ਚ 249.8 ਦੇ ਸਕੋਰ ਨਾਲ ਸੋਨੇ 'ਤੇ, ਜਦਕਿ ਹਮਵਤਨ ਅੰਜੁਮ ਮੌਦਗਿਲ ਨੇ 248.7 ਦੇ ਸਕੋਰ ਨਾਲ ਚਾਂਦੀ 'ਤੇ ਨਿਸ਼ਾਨਾ ਵਿੰਨ੍ਹਿਆ।  ਸ਼ਹਿਜਾਰ ਨੇ 10 ਮੀਟਰ ਏਅਰ ਪਿਸਟਲ 'ਚ ਕੁਆਲੀਫਿਕੇਸ਼ਨ ਰਾਊਂਡ 'ਚ 581 ਦੇ ਸਕੋਰ ਨਾਲ 16 ਖਿਡਾਰੀਆਂ 'ਚ ਟਾਪ ਕੀਤਾ। ਓਮਕਾਰ ਦਾ ਸਕੋਰ 576 ਅਤੇ ਜੀਤੂ ਦਾ 571 ਰਿਹਾ। ਫਾਈਨਲ 'ਚ ਜੀਤੂ ਨੇ ਸ਼ੁਰੂਆਤ 'ਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਪਰ ਬਾਅਦ ਵਿਚ ਸ਼ਹਿਜਾਰ ਅੱਗੇ ਨਿਕਲਦਾ ਗਿਆ ਅਤੇ 24 ਸ਼ਾਟ ਦੀ ਸਮਾਪਤੀ ਦੇ ਨਾਲ ਨੌਜਵਾਨ ਨਿਸ਼ਾਨਬਾਜ਼ ਸ਼ਹਿਜਾਰ 240.7 ਦੇ ਸਕੋਰ ਨਾਲ ਜੇਤੂ ਬਣ ਗਿਆ। ਓਮਕਾਰ 236 ਨੂੰ ਚਾਂਦੀ ਅਤੇ ਜੀਤੂ 214.1 ਨੂੰ ਕਾਂਸੀ ਮਿਲਿਆ।