ਕੋਟਲਾ ਦੀ ਪਿੱਚ 'ਤੇ ਬੇਹੱਦ ਅਸਰਦਾਰ ਸਾਬਤ ਹੋਣਗੇ ਅਸ਼ਵਿਨ : ਰਿੱਕੀ ਪੋਂਟਿੰਗ

11/09/2019 12:57:33 PM

ਸਪੋਰਟਸ ਡੈਸਕ— ਆਫ ਸਪਿਨਰ ਰਵੀਚੰਦਰਨ ਅਸ਼ਵਿਨ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ਦੇ ਅਗਲੇ ਸੀਜਨ 'ਚ ਦਿੱਲੀ ਕੈਪੀਟਲਸ ਲਈ ਖੇਡਣਗੇ। ਕਿੰਗਜ਼ ਇਲੈਵਨ ਪੰਜਾਬ ਨੇ ਅਸ਼ਵਿਨ ਨੂੰ ਦਿੱਲੀ ਦੇ ਨਾਲ ਟ੍ਰੇਡ ਕੀਤਾ ਹੈ। ਦਿੱਲੀ ਦੇ ਕੋਚ ਰਿੱਕੀ ਪੋਂਟਿੰਗ ਨੇ ਕਿਹਾ ਹੈ ਕਿ ਅਸ਼ਵਿਨ ਦਿੱਲੀ ਦੀ ਘਰੇਲੂ ਪਿੱਚ 'ਤੇ ਕਾਫ਼ੀ ਅਸਰਦਾਰ ਸਾਬਤ ਹੋਣਗੇ। ਪੰਜਾਬ ਨੇ ਦਿੱਲੀ ਤੋਂ ਅਸ਼ਵਿਨ ਦੇ ਬਦਲੇ ਖੱਬੇ ਹੱਥ ਦੇ ਸਪਿਨਰ ਜਗਦੀਸ਼ ਸੁਚਿਥ ਨੂੰ ਆਪਣੀ ਟੀਮ 'ਚ ਸ਼ਾਮਲ ਕੀਤਾ ਹੈ।



ਆਪਣੀ ਗੇਂਦਬਾਜ਼ੀ ਨਾਲ ਟੀਮ 'ਤੇ ਵੱਡਾ ਪ੍ਰਭਾਵ ਪਾਉਣਗੇ ਅਸ਼ਵਿਨ
ਅਸ਼ਵਿਨ ਦੇ ਟੀਮ 'ਚ ਆਉਣ 'ਤੇ ਟੀਮ ਦੇ ਮੁੱਖ ਕੋਚ ਪੋਂਟਿੰਗ ਨੇ ਕਿਹਾ, ਅਸ਼ਵਿਨ ਜਿਸ ਟੀਮ 'ਚ ਵੀ ਹੁੰਦੇ ਹਨ ਉਹ ਉਸ ਦਾ ਅਹਿਮ ਹਿੱਸਾ ਹੁੰਦੇ ਹਨ। ਮੈਨੂੰ ਵਿਸ਼ਵਾਸ ਹੈ ਕਿ ਦਿੱਲੀ ਕੈਪੀਟਲਸ ਦੇ ਨਾਲ ਵੀ ਅਜਿਹਾ ਹੀ ਹੋਵੇਗਾ। ਉਨ੍ਹਾਂ ਨੇ ਕਿਹਾ, ਇਹ ਕੋਈ ਲੁੱਕੀ ਗੱਲ ਨਹੀਂ ਹੈ ਕਿ ਸਾਡੇ ਘਰੇਲੂ ਮੈਦਾਨ ਦੀ ਪਿੱਚ ਥੋੜ੍ਹੀ ਸਲੋਅ ਹੈ ਅਤੇ ਉਹ ਸਪਿਨਰਾਂ ਦੀ ਮਦਦ ਲਈ ਜਾਣੀ ਜਾਂਦੀ ਹੈ। ਮੈਨੂੰ ਲੱਗਦਾ ਹੈ ਕਿ ਅਸ਼ਵਿਨ ਆਪਣੀ ਚਲਾਕ ਗੇਂਦਬਾਜ਼ੀ ਨਾਲ ਟੀਮ 'ਤੇ ਵੱਡਾ ਪ੍ਰਭਾਵ ਪਾਉਣਗੇ। ਉਨ੍ਹਾਂ ਨੇ ਕਿਹਾ, ਮੈਂ ਸੁਚਿਥ ਨੂੰ ਸ਼ੁੱਭਕਾਮਨਾਵਾਂ ਦਿੰਦਾ ਹਾਂ ਅਤੇ ਮੈਨੂੰ ਪੂਰਾ ਵਿਸ਼ਵਾਸ ਹੈ ਕਿ ਉਹ ਨਵੀਂ ਟੀਮ ਦੇ ਨਾਲ ਜੁੜਣ ਨੂੰ ਲੈ ਕੇ ਕਾਫ਼ੀ ਉਤਸ਼ਾਹਿਤ ਹੈ।
ਪੰਜਾਬ ਲਈ ਅਸ਼ਵਿਨ ਨੇ 28 ਮੈਚਾਂ 'ਚ ਕੀਤੀ ਕਪਤਾਨੀ
ਅਸ਼ਵਿਨ ਨੇ 28 ਮੈਚਾਂ 'ਚ ਪੰਜਾਬ ਦੀ ਕਪਤਾਨੀ ਕੀਤੀ ਸੀ ਜਿਸ 'ਚੋਂ 12 'ਚ ਜਿੱਤ ਅਤੇ 16 'ਚ ਹਾਰ ਮਿਲੀ ਸੀ। ਆਈ. ਪੀ. ਐੱਲ 'ਚ ਅਸ਼ਵਿਨ ਦੇ ਨਾਂ 125 ਵਿਕਟਾਂ ਹਨ। ਉਨ੍ਹਾਂ ਨੇ ਇਹ ਵਿਕਟਾਂ 139 ਮੈਚਾਂ 'ਚ 6.79 ਦੀ ਔਸਤ ਨਾਲ ਲਈਆਂ ਹਨ। ਅਸ਼ਵਿਨ ਨੇ 2009 'ਚ ਚੇਂਨਈ ਸੁਪਰ ਕਿੰਗਜ਼ ਨਾਲ ਆਈ. ਪੀ. ਐੱਲ 'ਚ ਸਫਰ ਸ਼ੁਰੂ ਕੀਤਾ ਸੀ। ਫਿਰ ਉਹ ਰਾਇਜਿੰਗ ਪੁਣੇ ਸੁਪਰਜਾਇੰਟਸ ਵਲੋਂ ਖੇਡੇ ਅਤੇ ਫਿਰ ਪੰਜਾਬ ਪੁੱਜੇ। ਅਸ਼ਵਿਨ ਆਈ. ਪੀ. ਐੱਲ. ਦੇ ਸਭ ਤੋਂ ਖ਼ੁਰਾਂਟ ਖਿਡਾਰੀਆਂ 'ਚੋਂ ਇਕ ਹੈ।