ਨਿਊਜ਼ੀਲੈਂਡ ਦੀ ਟੀਮ 'ਚ ਤਾਇਨਾਤ ਸੁਰੱਖਿਆ ਕਰਮਚਾਰੀ ਖਾ ਗਏ 27 ਲੱਖ ਦੀ ਬਿਰਿਆਨੀ, PCB ਨੂੰ ਭਰਨਾ ਹੋਵੇਗਾ ਬਿੱਲ

09/23/2021 12:41:37 AM

ਕਰਾਚੀ- ਨਿਊਜ਼ੀਲੈਂਡ ਦੀ ਕ੍ਰਿਕਟਟੀਮ ਨੇ ਸੁਰੱਖਿਆ ਦਾ ਹਵਾਲਾ ਦਿੰਦੇ ਹੋਏ ਪਾਕਿਸਤਾਨ ਦੌਰਾ ਰੱਦ ਕਰ ਦਿੱਤਾ ਸੀ, ਜਿਸ ਤੋਂ ਬਾਅਦ ਇੰਗਲੈਂਡ ਕ੍ਰਿਕਟ ਬੋਰਡ ਨੇ ਵੀ ਪ੍ਰਸਤਾਵਿਤ ਪਾਕਿਸਤਾਨ ਦੌਰਾ ਵੀ ਰੱਦ ਕਰ ਦਿੱਤਾ। ਇਨ੍ਹਾਂ ਦੋ ਖਬਰਾਂ ਨਾਲ ਪਾਕਿਸਤਾਨ ਦੇ ਖਿਡਾਰੀਆਂ ਅਤੇ ਪ੍ਰਸ਼ੰਸਕਾਂ ਦੇ ਵਿਚ ਨਿਰਾਸ਼ਾ ਹੈ ਪਰ ਇਸ ਵਿਚ ਇਕ ਖ਼ਬਰ ਸਾਹਮਣੇ ਆਈ ਹੈ, ਜਿਸ ਨੂੰ ਸੁਣ ਕੇ ਪੂਰਾ ਪਾਕਿਸਤਾਨ ਬੋਰਡ ਹੈਰਾਨ ਰਹਿ ਗਿਆ ਹੈ। 

ਇਹ ਖ਼ਬਰ ਪੜ੍ਹੋ-ਨੇੜਲੇ ਫਰਕ ਨਾਲ ਮੈਚ ਗੁਆਉਣਾ ਪੰਜਾਬ ਲਈ ਆਮ ਜਿਹੀ ਗੱਲ ਬਣ ਗਈ ਹੈ : ਕੁੰਬਲੇ


ਪਾਕਿਸਤਾਨ ਵੈੱਬਸਾਈਟ 'ਤੇ ਇਕ ਖ਼ਬਰ ਦੇ ਅਨੁਸਾਰ ਨਿਊਜ਼ੀਲੈਂਡ ਟੀਮ ਦੇ 8 ਦਿਨਾਂ ਤੱਕ ਪਾਕਿਸਤਾਨ ਵਿਚ ਰੁਕਣ ਦੇ ਦੌਰਾਨ ਉਸਦੀ ਸੁਰੱਖਿਆ ਵਿਚ ਲੱਗੇ ਪੁਲਸ ਕਰਮਚਾਰੀਆਂ ਨੇ 27 ਲੱਖ ਰੁਪਏ ਦੀ ਬਿਰਿਆਨੀ ਖਾ ਲਈ। ਕੀਵੀ ਟੀਮ ਦੀ ਸੁਰੱਖਿਆ ਦੇ ਲਈ ਇਸਲਾਮਾਬਾਦ ਦੀ ਪੁਲਸ ਨੂੰ ਤਾਇਨਾਤ ਕੀਤਾ ਗਿਆ ਸੀ, ਜਿਸ ਵਿਚ ਕਈ ਵੱਡੇ ਪੁਲਸ ਅਧਿਕਾਰੀ ਵੀ ਮੌਜੂਦ ਸਨ। ਨਿਊਜ਼ੀਲੈਂਡ ਦੀ ਟੀਮ ਇਸ ਦੌਰੇ ਲਈ ਇਸਲਾਮਾਬਾਦ ਦੇ ਸੇਰੇਨਾ ਹੋਟਲ ਵਿਚ ਰੁਕੀ ਹੋਈ ਸੀ।


ਕੀਵੀ ਟੀਮ ਦੇ ਖਿਡਾਰੀਆਂ ਦੇ ਲਈ ਉੱਥੇ ਸੁਰੱਖਿਆ ਦਾ ਪੂਰਾ ਇੰਤਜ਼ਾਮ ਕੀਤਾ ਗਿਆ ਸੀ। ਉਨ੍ਹਾਂ ਦੀ ਨਿਗਰਾਨੀ ਰੱਖਣ ਦੇ ਲਈ ਇਸਲਾਮਾਬਾਦ ਕੈਪੀਟਲ ਟੇਰਿਟਰੀ ਪੁਲਸ ਦੇ 500 ਪੁਲਸ ਕਰਮਚਾਰੀ ਮੌਜੂਦ ਸਨ ਅਤੇ ਇਨ੍ਹਾਂ ਪੁਲਸ ਕਰਮਚਾਰੀਆਂ ਨੇ 8 ਦਿਨਾਂ ਦੇ ਲਈ ਜੋ ਖਾਣ ਦਾ ਬਿੱਲ ਆਇਆ ਉਹ 27 ਲੱਖ ਰੁਪਏ ਦਾ ਸੀ। ਦੱਸ ਦੇਈਏ ਕਿ ਪਾਕਿਸਤਾਨ ਦੌਰੇ 'ਤੇ ਗਈ ਨਿਊਜ਼ੀਲੈਂਡ ਦੀ ਟੀਮ ਨੇ ਆਪਣਾ ਪਹਿਲਾ ਵਨ ਡੇ ਮੈਚ ਰਾਵਲਪਿੰਡੀ ਸਟੇਡੀਅਮ ਵਿਚ ਖੇਡਣਾ ਸੀ ਪਰ ਟਾਸ ਤੋਂ ਕੁਝ ਦੇਰ ਪਹਿਲਾਂ ਟੀਮ ਨੇ ਪੂਰਾ ਦੌਰਾ ਰੱਦ ਕਰਨ ਦਾ ਐਲਾਨ ਕੀਤਾ। ਇਸ ਦੌਰੇ 'ਤੇ ਕੀਵੀ ਟੀਮ ਨੇ 3 ਵਨ ਡੇ ਤੇ 5 ਟੀ-20 ਮੈਚ ਖੇਡਣੇ ਸਨ।

ਇਹ ਖ਼ਬਰ ਪੜ੍ਹੋ-ਬ੍ਰਿਟਿਸ਼ ਸਰਕਾਰ ਨੇ ECB ਨੂੰ ਪਾਕਿ ਦੌਰਾ ਰੱਦ ਕਰਨ ਦੀ ਸਲਾਹ ਨਹੀਂ ਦਿੱਤੀ ਸੀ : ਅੰਬੈਸਡਰ


ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।

Gurdeep Singh

This news is Content Editor Gurdeep Singh