ਮੈਰੀਕਾਮ ਦੀ ਅਕੈਡਮੀ ਦਾ ਉਦਘਾਟਨ ਕਰਨਗੇ ਪ੍ਰਧਾਨਮੰਤਰੀ

03/12/2018 2:11:00 PM

ਨਵੀਂ ਦਿੱਲੀ, (ਬਿਊਰੋ)— ਪ੍ਰਧਾਨਮੰਤਰੀ ਨਰਿੰਦਰ ਮੋਦੀ 16 ਮਾਰਚ ਨੂੰ ਇੰਫਾਲ 'ਚ ਮੈਰੀਕਾਮ ਰੀਜਨਲ ਬਾਕਸਿੰਗ ਫਾਊਂਡੇਸ਼ਨ ਦਾ ਉਦਘਾਟਨ ਕਰਨਗੇ ਅਤੇ ਇਸ ਮੌਕੇ 'ਤੇ ਓਲੰਪਿਕ ਤਗਮਾ ਜੇਤੂ ਮੁੱਕੇਬਾਜ਼ ਵਿਜੇਂਦਰ ਸਿੰਘ ਅਤੇ ਪਹਿਲਵਾਨ ਸੁਸ਼ੀਲ ਕੁਮਾਰ ਵੀ ਮੌਜੂਦ ਹੋਣਗੇ। ਮਣੀਪੁਰ ਦੇ ਪੱਛਮੀ ਇੰਫਾਲ ਜ਼ਿਲੇ 'ਚ ਸਥਿਤ ਮੈਰੀਕਾਮ ਮੁੱਕੇਬਾਜ਼ੀ ਅਕੈਡਮੀ 3.3 ਏਕੜ 'ਚ ਫੈਲੀ ਹੈ ਅਤੇ ਰਾਜਧਾਨੀ ਤੋਂ 10 ਕਿਲੋਮੀਟਰ ਦੂਰ ਹੈ। ਇਸ 'ਚ ਫਿਲਹਾਲ 45 ਯੁਵਾ ਮੁੱਕੇਬਾਜ਼ ਸਿਖਲਾਈ ਲੈ ਰਹੇ ਹਨ ਜਿਸ 'ਚ 20 ਲੜਕੀਆਂ ਸ਼ਾਮਲ ਹਨ। 

ਮਣੀਪੁਰ ਸਰਕਾਰ ਨੇ 2013 'ਚ ਇਹ ਜ਼ਮੀਨ ਅਲਾਟ ਕੀਤੀ ਸੀ। ਅਕੈਡਮੀ ਦੀ ਸਥਾਪਨਾ ਰਾਸ਼ਟਰੀ ਖੇਡ ਵਿਕਾਸ ਫੰਡ ਤੋਂ ਮਿਲੀ ਰਾਸ਼ੀ ਨਾਲ ਹੋਈ। ਇਕ ਬਿਆਨ ਮੁਤਾਬਕ, ''ਫਾਊਂਡੇਸ਼ਨ ਰਾਜ ਅਤੇ ਕੇਂਦਰ ਸਰਕਾਰ ਦੋਹਾਂ ਦੀ ਧੰਨਵਾਦੀ ਹੈ ਕਿ ਇੰਨੇ ਸਾਲ ਦੇ ਸੰਘਰਸ਼ ਦੇ ਬਾਅਦ ਇਕ ਅਕੈਡਮੀ ਹੋਂਦ 'ਚ ਆਈ।'' ਇਸ 'ਚ ਕਿਹਾ ਗਿਆ, ''ਫਾਊਂਡੇਸ਼ਨ ਪੀ.ਐੱਮ.ਓ. ਦੀ ਧੰਨਵਾਦੀ ਹੈ। ਪ੍ਰਧਾਨਮੰਤਰੀ ਮੁੱਕੇਬਾਜ਼ੀ ਨੂੰ ਉਤਸ਼ਾਹਤ ਕਰਨ ਲਈ ਇਸ ਅਕੈਡਮੀ ਦਾ ਰਸਮੀ ਉਦਘਾਟਨ ਕਰਨਗੇ।''