PM ਮੋਦੀ ਵਲੋਂ ਰੰਗਾਰੰਗ ਸਮਾਗਮ ''ਚ ਕੀਤਾ ਗਿਆ ਰਾਸ਼ਟਰੀ ਖੇਡਾਂ ਦਾ ਉਦਘਾਟਨ (ਦੇਖੋ ਤਸਵੀਰਾਂ)

09/29/2022 9:54:16 PM

ਅਹਿਮਦਾਬਾਦ, (ਭਾਸ਼ਾ)- ਖਿਡਾਰੀਆਂ ਦੀ ਕਾਮਯਾਬੀ ਦਾ ਦੇਸ਼ ਦੇ ਵਿਕਾਸ ਨਾਲ ਸਿੱਧਾ ਸਬੰਧ ਦੱਸਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 36ਵੀਆਂ ਰਾਸ਼ਟਰੀ ਖੇਡਾਂ ਦਾ ਉਦਘਾਟਨ ਕਰਦੇ ਹੋਏ ਕਿਹਾ ਕਿ ਪਿਛਲੇ 8 ਸਾਲਾਂ 'ਚ ਖੇਡਾਂ ਵਿੱਚ ਭ੍ਰਿਸ਼ਟਾਚਾਰ ਅਤੇ ਭਾਈ-ਭਤੀਜਾਵਾਦ ਨੂੰ ਖ਼ਤਮ ਕਰਕੇ ਨੌਜਵਾਨਾਂ ਵਿੱਚ ਉਨ੍ਹਾਂ ਦੇ ਸੁਪਨਿਆਂ ਪ੍ਰਤੀ ਵਿਸ਼ਵਾਸ ਪੈਦਾ ਕੀਤਾ ਗਿਆ ਹੈ।

ਖੇਡਾਂ ਨੂੰ ਦੇਸ਼ ਦੇ ਨੌਜਵਾਨਾਂ ਲਈ ਊਰਜਾ ਦਾ ਸਰੋਤ ਦੱਸਦੇ ਹੋਏ ਪ੍ਰਧਾਨ ਮੰਤਰੀ ਮੋਦੀ ਨੇ ਇਹ ਵੀ ਕਿਹਾ ਕਿ ਖਿਡਾਰੀਆਂ ਦੀ ਜਿੱਤ ਅਤੇ ਉਨ੍ਹਾਂ ਦਾ ਦਮਦਾਰ ਪ੍ਰਦਰਸ਼ਨ ਹੋਰਨਾਂ ਖੇਤਰਾਂ ਵਿੱਚ ਵੀ ਦੇਸ਼ ਦੀ ਜਿੱਤ ਦਾ ਰਾਹ ਪੱਧਰਾ ਕਰਦਾ ਹੈ। ਉਨ੍ਹਾਂ ਕਿਹਾ, “ਖੇਡਾਂ ਦੀ ਦੁਨੀਆ ਵਿੱਚ ਇਹ ਤਾਕਤ ਦਿਖਾਉਣ ਦੀ ਸਮਰੱਥਾ ਦੇਸ਼ ਵਿੱਚ ਪਹਿਲਾਂ ਵੀ ਸੀ ਅਤੇ ਇਹ ਜੇਤੂ ਮੁਹਿੰਮ ਪਹਿਲਾਂ ਵੀ ਸ਼ੁਰੂ ਹੋ ਸਕਦੀ ਸੀ ਪਰ ਖੇਡਾਂ ਵਿੱਚ ਪੇਸ਼ੇਵਰਤਾ ਦੀ ਥਾਂ ਭਾਈ-ਭਤੀਜਾਵਾਦ ਅਤੇ ਭ੍ਰਿਸ਼ਟਾਚਾਰ ਨੇ ਲੈ ਲਈ ਸੀ। ਅਸੀਂ ਸਿਸਟਮ ਨੂੰ ਸਾਫ਼ ਕੀਤਾ ਅਤੇ ਨੌਜਵਾਨਾਂ ਵਿੱਚ ਉਨ੍ਹਾਂ ਦੇ ਸੁਪਨਿਆਂ ਬਾਰੇ ਵਿਸ਼ਵਾਸ ਪੈਦਾ ਕੀਤਾ। 

ਗੁਜਰਾਤ ਦੇ ਵੱਖ-ਵੱਖ ਸ਼ਹਿਰਾਂ 'ਚ 30 ਸਤੰਬਰ ਤੋਂ 12 ਅਕਤੂਬਰ ਤਕ ਚੱਲਣ ਵਾਲੀਆਂ ਰਾਸ਼ਟਰੀ ਖੇਡਾਂ ਦਾ ਨਰਿੰਦਰ ਮੋਦੀ ਸਟੇਡੀਅਮ 'ਤੇ ਸ਼ਾਨਦਾਰ ਰੰਗਾਰੰਗ ਪ੍ਰੋਗਰਾਮ ਦਾ ਉਦਘਾਟਨ ਕਰਦੇ ਹੋਏ ਮੋਦੀ ਨੇ ਕਿਹਾ, "ਇਹ ਦ੍ਰਿਸ਼, ਇਹ ਤਸਵੀਰ, ਇਹ ਮਾਹੌਲ ਸ਼ਬਦਾਂ ਤੋਂ ਪਰ੍ਹੇ ਹੈ। ਦੁਨੀਆ ਦਾ ਸਭ ਤੋਂ ਵੱਡਾ ਸਟੇਡੀਅਮ, ਦੁਨੀਆ ਦਾ ਅਜਿਹਾ ਨੌਜਵਾਨ ਦੇਸ਼ ਅਤੇ ਦੇਸ਼ ਦਾ ਸਭ ਤੋਂ ਵੱਡਾ ਖੇਡ ਮੇਲਾ, ਜਦੋਂ ਇਹ ਸਮਾਗਮ ਇੰਨਾ ਵਿਲੱਖਣ ਹੋਵੇਗਾ, ਤਾਂ ਇਸਦੀ ਊਰਜਾ ਕਿੰਨੀ ਅਸਾਧਾਰਨ ਹੋਵੇਗੀ," 

ਇਹ ਵੀ ਪੜ੍ਹੋ : T20 WC ਤੋਂ ਪਹਿਲਾਂ ਪਾਕਿ ਦੇ ਤੇਜ਼ ਗੇਂਦਬਾਜ਼ ਰਊਫ ਦੀ ਭਾਰਤ ਨੂੰ ਚਿਤਾਵਨੀ, ਕਿਹਾ- MCG ਮੇਰਾ ਹੋਮ ਗਰਾਊਂਡ

ਉਨ੍ਹਾ ਨੇ ਕਿਹਾ, ''ਦੇਸ਼ ਦੇ 36 ਰਾਜਾਂ ਦੇ 7000 ਤੋਂ ਵੱਧ ਐਥਲੀਟਾਂ ਅਤੇ 15000 ਤੋਂ ਵੱਧ ਪ੍ਰਤੀਭਾਗੀਆਂ, 35000 ਤੋਂ ਵੱਧ ਕਾਲਜਾਂ, ਯੂਨੀਵਰਸਿਟੀਆਂ ਅਤੇ ਸਕੂਲਾਂ ਦੀ ਭਾਗੀਦਾਰੀ ਅਤੇ ਰਾਸ਼ਟਰੀ ਖੇਡਾਂ ਨਾਲ 50 ਲੱਖ ਤੋਂ ਵੱਧ ਵਿਦਿਆਰਥੀਆਂ ਦਾ ਸਿੱਧਾ ਸੰਪਰਕ ਬੇਮਿਸਾਲ ਹੈ। ਰਾਸ਼ਟਰੀ ਖੇਡਾਂ ਦਾ ਇਹ ਮੰਚ ਤੁਹਾਡੇ ਸਾਰਿਆਂ ਲਈ ਇੱਕ ਨਵੇਂ ਲਾਂਚਿੰਗ ਪੈਡ ਦੀ ਹਰ ਤਰ੍ਹਾਂ ਕੰਮ ਕਰੇਗਾ।" ਉਨ੍ਹਾਂ ਕਿਹਾ, "ਕਿਸੇ ਵੀ ਦੇਸ਼ ਦੀ ਤਰੱਕੀ ਦਾ ਸਿੱਧਾ ਸਬੰਧ ਖੇਡਾਂ ਵਿੱਚ ਉਸ ਦੀ ਸਫ਼ਲਤਾ ਨਾਲ ਹੁੰਦਾ ਹੈ। ਦੇਸ਼ ਨੂੰ ਅਗਵਾਈ ਉਸ ਦੇਸ਼ ਦੇ ਨੌਜਵਾਨ ਦਿੰਦੇ ਹਨ ਅਤੇ ਖੇਡਾਂ ਉਨ੍ਹਾਂ ਨੌਜਵਾਨਾਂ ਦੀ ਊਰਜਾ ਅਤੇ ਜੀਵਨ ਦਾ ਮੁੱਖ ਸਰੋਤ ਹੁੰਦੀਆਂ ਹਨ। ਦੁਨੀਆ 'ਚ ਜੋ ਦੇਸ਼ ਵਿਕਾਸ ਤੇ ਅਰਥਵਿਵਸਥਾ 'ਚ ਚੋਟੀ 'ਤੇ ਹੁੰਦੇ ਹਨ ਉਹ ਖੇਡਾਂ 'ਚ ਵੀ ਤਮਗਾ ਸੂਚੀ 'ਚ ਸਭ ਤੋਂ ਉੱਪਰ ਹੁੰਦੇ ਹਨ। 

ਉਨ੍ਹਾਂ ਕਿਹਾ ਕਿ ਅੱਜ ਫਿੱਟ ਇੰਡੀਆ ਅਤੇ ਸਪੋਰਟਸ ਇੰਡੀਆ ਵਰਗੀਆਂ ਕੋਸ਼ਿਸ਼ਾਂ ਇੱਕ ਲੋਕ ਲਹਿਰ ਬਣ ਚੁੱਕੀਆਂ ਹਨ ਅਤੇ ਪਿਛਲੇ ਅੱਠ ਸਾਲਾਂ ਵਿੱਚ ਦੇਸ਼ ਦੇ ਖੇਡ ਬਜਟ ਵਿੱਚ ਲਗਭਗ 70 ਫੀਸਦੀ ਦਾ ਵਾਧਾ ਹੋਇਆ ਹੈ। ਉਨ੍ਹਾਂ ਖਿਡਾਰੀਆਂ ਨੂੰ ਜਿੱਤ-ਹਾਰ ਦੀ ਪਰਵਾਹ ਕੀਤੇ ਬਿਨਾਂ ਖੇਡ ਭਾਵਨਾ ਨਾਲ ਖੇਡਣ ਦੀ ਅਪੀਲ ਕੀਤੀ ਅਤੇ ਕਿਹਾ ,“ਮੈਂ ਤੁਹਾਡੇ ਸਾਰੇ ਖਿਡਾਰੀਆਂ ਨੂੰ ਇੱਕ ਹੋਰ ਮੰਤਰ ਦੇਣਾ ਚਾਹੁੰਦਾ ਹਾਂ। ਜੇਕਰ ਤੁਸੀਂ 'ਮੁਕਾਬਲਾ' ਜਿੱਤਣਾ ਚਾਹੁੰਦੇ ਹੋ ਤਾਂ ਤੁਹਾਨੂੰ 'ਵਚਨਬੱਧਤਾ' ਅਤੇ 'ਨਿਰੰਤਰਤਾ' ਵਿੱਚ ਰਹਿਣਾ ਸਿੱਖਣਾ ਹੋਵੇਗਾ। 

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।

Tarsem Singh

This news is Content Editor Tarsem Singh