ਵਿਸ਼ਵ ਚੈਂਪੀਅਨਸ਼ਿਪ : ਨੀਰਜ ਚੋਪੜਾ ਨੂੰ ਚਾਂਦੀ ਦਾ ਤਮਗ਼ਾ ਜਿੱਤਣ 'ਤੇ PM ਮੋਦੀ ਸਮੇਤ ਕਈ ਦਿੱਗਜਾਂ ਨੇ ਦਿੱਤੀਆਂ ਵਧਾਈਆਂ

07/24/2022 2:32:44 PM

xਸਪੋਰਟਸ ਡੈਸਕ- ਵਿਸ਼ਵ ਅਥਲੈਟਿਕਸ ਚੈਂਪੀਅਨਸ਼ਿਪ 'ਚ ਚਾਂਦੀ ਦਾ ਤਮਗ਼ਾ ਜਿੱਤਣ ਵਾਲੇ ਪਹਿਲੇ ਭਾਰਤੀ ਬਣੇ ਓਲੰਪਿਕ ਚੈਂਪੀਅਨ ਨੀਰਜ ਚੋਪੜਾ ਨੂੰ ਪ੍ਰਧਾਨਮੰਤਰੀ ਨਰਿੰਦਰ ਮੋਦੀ ਸਮੇਤ ਪੂਰੇ ਦੇਸ਼ ਨੇ ਵਧਾਈ ਦਿੱਤੀ। ਚੋਪੜਾ ਨੇ ਅਮਰੀਕਾ ਦੇ ਯੂਜੀਨ 'ਚ ਚਲ ਰਹੀ ਚੈਂਪੀਅਨਸ਼ਿਪ ਦੀ ਜੈਵਲਿਨ ਥ੍ਰੋਅ ਪ੍ਰਤੀਯੋਗਿਤਾ 'ਚ 88.13 ਮੀਟਰ ਦੇ ਥ੍ਰੋਅ ਦੇ ਨਾਲ ਚਾਂਦੀ ਦਾ ਤਮਗ਼ਾ ਜਿੱਤਿਆ। ਇਸ ਤੋਂ ਪਹਿਲਾਂ ਭਾਰਤ ਲਈ ਵਿਸ਼ਵ ਚੈਂਪੀਅਨਸ਼ਿਪ 'ਚ ਇਕਮਾਤਰ ਤਮਗ਼ਾ 2003 'ਚ ਪੈਰਿਸ 'ਚ ਅੰਜੂ ਬਾਬੀ ਜਾਰਜ ਨੇ ਹਾਈ ਜੰਪ 'ਚ ਜਿੱਤਿਆ ਸੀ ਜੋ ਕਿ ਕਾਂਸੀ ਦਾ ਸੀ। 

ਇਹ ਵੀ ਪੜ੍ਹੋ : ਮਿਊਨਿਖ ਪੈਰਾ ਸ਼ੂਟਿੰਗ ਵਿਸ਼ਵ ਕੱਪ: 10 ਤਮਗੇ ਜਿੱਤ ਕੇ ਭਾਰਤ ਨੇ ਕੀਤਾ ਸਰਵੋਤਮ ਪ੍ਰਦਰਸ਼ਨ

ਪ੍ਰਧਾਨ ਮੰਤਰੀ ਮੋਦੀ ਨੇ ਟਵੀਟ ਕੀਤਾ, 'ਸਾਡੇ ਸਭ ਤੋਂ ਜ਼ਿਆਦਾ ਹੁਨਰਮੰਦ ਖਿਡਾਰੀਆਂ 'ਚੋਂ ਇਕ ਨੀਰਜ ਚੋਪੜਾ ਦੀ ਮਹਾਨ ਉਪਲੱਬਧੀ। ਵਿਸ਼ਵ ਚੈਂਪੀਅਨਸ਼ਿਪ 'ਚ ਚਾਂਦੀ ਦਾ ਤਮਗ਼ਾ ਜਿੱਤਣ 'ਤੇ ਨੀਰਜ ਚੋਪੜਾ ਨੂੰ ਵਧਾਈ।' ਉਨ੍ਹਾਂ ਅੱਗੇ ਲਿਖਿਆ, 'ਭਾਰਤੀ ਖੇਡਾਂ ਲਈ ਇਹ ਖ਼ਾਸ ਪਲ। ਆਗਾਮੀ ਟੂਰਨਾਮੈਂਟਾਂ ਲਈ ਨੀਰਜ ਨੂੰ ਸ਼ੁੱਭਕਾਮਨਾਵਾਂ।' ਚੋਪੜਾ ਨੇ ਪਿਛਲੇ ਸਾਲ ਟੋਕੀਓ ਓਲੰਪਿਕ 'ਚ ਸੋਨ ਤਮਗ਼ਾ ਜਿੱਤਿਆ ਸੀ ਤੇ ਨਿਸ਼ਾਨੇਬਾਜ਼ ਅਭਿਨਵ ਬਿੰਦਰਾ ਦੇ ਬਾਅਦ ਓਲੰਪਿਕ ਦੀ ਨਿੱਜੀ ਪ੍ਰਤੀਯੋਗਿਤਾ 'ਚ ਸੋਨ ਤਮਗ਼ਾ ਜਿੱਤਣ ਵਾਲੇ ਉਹ ਪਹਿਲੇ ਭਾਰਤੀ ਹਨ। ਉਨ੍ਹਾਂ ਨੂੰ ਵਿਸ਼ਵ ਚੈਂਪੀਅਨਸ਼ਿਪ 'ਚ ਚਾਂਦੀ ਦਾ ਤਮਗ਼ਾ ਜਿੱਤਣ ਦੇ ਬਾਅਦ ਕਈ ਦਿੱਗਜਾਂ ਨੇ ਇਸ ਤਰ੍ਹਾਂ ਵਧਾਈਆਂ ਦਿੱਤੀਆਂ।

ਦਿੱਗਜ ਦੇ ਰਹੇ ਨੇ ਨੀਰਜ ਚੋਪੜਾ ਨੂੰ ਵਧਾਈਆਂ

ਵਿਦੇਸ਼ ਮੰਤਰੀ ਐੱਸ. ਜੈਸ਼ੰਕਰ : ਵਿਸ਼ਵ ਚੈਂਪੀਅਨਸ਼ਿਪ 'ਚ ਸ਼ਾਨਦਾਰ ਚਾਂਦੀ ਦਾ ਤਮਗ਼ਾ ਜਿੱਤਣ 'ਤੇ ਨੀਰਜ ਨੂੰ ਵਧਾਈ। ਸ਼ਾਨਦਾਰ ਉਪਲੱਬਧੀ ਜੋ ਭਾਰਤੀ ਖੇਡਾਂ ਨੂੰ ਅੱਗੇ ਲੈ ਜਾਵੇਗੀ।

ਰੱਖਿਆ ਮੰਤਰੀ ਰਾਜਨਾਥ ਸਿੰਘ : ਸੂਬੇਦਾਰ ਨੀਰਜ ਚੋਪੜਾ ਦੀ ਸ਼ਾਨਦਾਰ ਸਫਲਤਾ 'ਤੇ ਭਾਰਤ ਖ਼ੁਸ਼ ਹੈ। ਵਿਸ਼ਵ ਚੈਂਪੀਅਨਸ਼ਿਪ 'ਚ ਚਾਂਦੀ ਦਾ ਤਮਗ਼ਾ ਜਿੱਤਣ 'ਤ ਉਨ੍ਹਾਂ ਨੂੰ ਵਧਾਈ। ਉਨ੍ਹਾਂ ਦੀ ਮਿਹਨਤ, ਸਮਰਪਣ ਤੇ ਵਚਨਬੱਧਤਾ ਨਾਲ ਬਿਹਤਰੀਨ ਨਤੀਜੇ ਨਿਕਲ ਰਹੇ ਹਨ। ਸਾਨੂੰ ਉਨ੍ਹਾਂ 'ਤੇ ਮਾਣ ਹੈ।

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ : ਵਿਸ਼ਵ ਅਥਲੈਟਿਕਸ ਚੈਂਪੀਅਨਸ਼ਿਪ 'ਚ ਨੀਰਜ ਚੋਪੜਾ ਨੂੰ ਚਾਂਦੀ ਦਾ ਤਮਗ਼ਾ ਜਿੱਤਣ 'ਤੇ ਬਹੁਤ-ਬਹੁਤ ਮੁਬਾਰਕਾਂ... ਉਡਾਰੀ ਖੰਭਾਂ ਨਾਲ ਨਹੀਂ ਹੌਸਲਿਆਂ ਨਾਲ ਹੁੰਦੀ ਹੈ... ਭਵਿੱਖ ਲਈ ਸ਼ੁਭਕਾਮਨਾਵਾਂ।

ਵੀਰੇਨ ਰਾਸਕਿਨਹਾ, ਸਾਬਕਾ ਭਾਰਤੀ ਹਾਕੀ ਕਪਤਾਨ : ਭਾਰੀ ਦਬਾਅ ਦਰਮਿਆਨ ਇਕ ਹੋਰ ਸ਼ਾਨਦਾਰ ਪ੍ਰਦਰਸ਼ਨ। ਇੰਨੇ ਵੱਡੇ ਪੱਧਰ 'ਤੇ ਇੰਨਾ ਸ਼ਾਂਤ ਰਵੱਈਆ। ਵਧਾਈ ਨੀਰਜ ਚੋਪੜਾ।

ਸਾਬਕਾ ਕ੍ਰਿਕਟਰ ਤੇ ਸਾਂਸਦ ਗੌਤਮ ਗੰਭੀਰ : ਇਸ ਨੂੰ ਕੋਈ ਨਹੀਂ ਰੋਕ ਸਕਦਾ। ਉਸ ਦਾ ਮੁਕਾਬਲਾ ਖ਼ੁਦ ਨਾਲ ਹੀ ਹੈ।

ਭਾਰਤੀ ਹਾਕੀ ਗੋਲਕੀਪਰ ਪੀ. ਆਰ. ਸ਼੍ਰੀਜੇਸ਼ : ਵਧਾਈ ਹੋਏ ਭਰਾ। ਤੁਸੀਂ ਕਰੋੜਾਂ ਲੋਕਾਂ ਦੀ ਪ੍ਰੇਰਣਾ ਦੇ ਸੋਮੇ ਹੋ।

ਬੀਜਿੰਗ ਓਲੰਪਿਕ ਸੋਨ ਤਮਗ਼ਾ ਜੇਤੂ ਅਭਿਨਵ ਬਿੰਦਰਾ : ਵਿਸ਼ਵ ਚੈਂਪੀਅਨਸ਼ਿਪ 'ਚ ਚਾਂਦੀ ਦਾ ਤਮਗ਼ਾ ਜਿੱਤਣ 'ਤੇ ਨੀਰਜ ਚੋਪੜਾ ਨੂੰ ਵਧਾਈ। ਤੁਸੀਂ ਸਾਨੂੰ ਮਾਣ ਮਹਿਸੂਸ ਕਰਾਇਆ ਹੈ। ਸ਼ਾਨਦਾਰ ਪ੍ਰਦਰਸ਼ਨ ਤੇ ਅੱਗੇ ਲਈ ਸ਼ੁਭਕਾਮਨਾਵਾਂ।

ਉਡਣ ਪਰੀ ਪੀ. ਟੀ. ਊਸ਼ਾ : ਦੇਸ਼ ਲਈ ਵਿਸ਼ਵ ਚੈਂਪੀਅਨਸ਼ਿਪ 'ਚ ਚਾਂਦੀ ਦਾ ਤਮਗ਼ਾ ਜਿੱਤਣ 'ਤੇ ਨੀਰਜ ਨੂੰ ਵਧਾਈ। ਤੁਹਾਡੀਆਂ ਸਰਵਸ੍ਰੇਸ਼ਠ ਕੋਸ਼ਿਸ਼ਾਂ ਨਾਲ ਦੁਨੀਆ 'ਚ ਦੇਸ਼ ਦਾ ਨਾਂ ਰੌਸ਼ਨ ਹੋਇਆ ਹੈ। ਇੰਝ ਹੀ ਦੇਸ਼ ਦਾ ਪਰਚਮ ਲਹਿਰਾਉਂਦੇ ਰਹੋ। ਜੈ ਹਿੰਦ।

ਪਹਿਲਵਾਨ ਬਜਰੰਗ ਪੂਨੀਆ : ਵਿਸ਼ਵ ਚੈਂਪੀਅਨਸ਼ਿਪ 'ਚ ਚਾਂਦੀ ਦਾ ਤਮਗ਼ਾ ਜਿੱਤਣ 'ਤੇ ਸ਼ੁਭਕਾਮਨਾਵਾਂ । ਤੁਸੀਂ ਇੰਝ ਹੀ ਦੇਸ਼ ਲਈ ਮੈਡਲ ਜਿੱਤਦੇ ਰਹੋ। 

ਇਹ ਵੀ ਪੜ੍ਹੋ : ਚਾਹਲ ‘Shorts’ ਪਹਿਨ ਕੇ ਕ੍ਰਿਕਟ ਖੇਡਣ ਦੇ ਪੱਖ 'ਚ ਨਹੀਂ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।

Tarsem Singh

This news is Content Editor Tarsem Singh