PCB ਨੇ ਉਮਰ ਦੀ ਪਾਬੰਦੀ ਨੂੰ ਘੱਟ ਕਰਨ ਦੇ ਫੈਸਲੇ ਨੂੰ ਖੇਡ ਪੰਚਾਟ ’ਚ ਦਿੱਤੀ ਚੁਣੌਤੀ

08/19/2020 8:26:33 PM

ਕਰਾਚੀ– ਪਾਕਿਸਤਾਨ ਕ੍ਰਿਕਟ ਬੋਰਡ (ਪੀ. ਸੀ. ਬੀ.) ਨੇ ਆਜ਼ਾਦ ਜੱਜ ਵਲੋਂ ਬੱਲੇਬਾਜ਼ ਉਮਰ ਅਕਮਲ ਦੀ 3 ਸਾਲਾਂ ਦੀ ਪਾਬੰਦੀ ’ਚ ਕਟੌਤੀ ਕਰਨ ਦੇ ਫੈਸਲੇ ਨੂੰ ਲੁਸਾਨੇ ’ਚ ਖੇਡ ਪੰਚਾਟ ’ਚ ਚੁਣੌਤੀ ਦਿੱਤੀ ਹੈ। ਪੀ. ਸੀ. ਬੀ. ਦੇ ਮੁੱਖ ਸੰਚਾਲਨ ਅਧਿਕਾਰੀ ਸਲਮਾਨ ਨਸੀਰ ਨੇ ਇਸ ਗੱਲ ਦੀ ਪੁਸ਼ਟੀ ਕਰਦੇ ਹੋਏ ਕਿਹਾ ਕਿ ਇਹ ਕਾਫੀ ਮੁਸ਼ਕਿਲ ਫੈਸਲਾ ਸੀ ਪਰ ਆਖਰੀ ਰਿਪੋਰਟ ਪੜਣ ਤੋਂ ਬਾਅਦ ਸਾਡੀਆਂ ਕੁਝ ਚਿੰਤਾਵਾਂ ਸਨ ਅਤੇ ਅਸੀਂ ਮਹਿਸੂਸ ਕੀਤਾ ਕਿ ਸਜ਼ਾ ਸਹੀ ਨਹੀਂ ਸੀ ਕਿਉਂਕਿ ਉਮਰ ਵਿਰੁੱਧ ਭ੍ਰਿਸ਼ਟਾਚਾਰ ਵਿਰੋਧੀ ਜ਼ਾਬਤੇ ਦੀ ਉਲੰਘਣਾ ਦੇ 2 ਦੋਸ਼ ਸਨ। ਪੀ. ਸੀ. ਬੀ. ਦੇ ਆਜ਼ਾਦ ਜੱਜ ਸੁਪਰੀਮ ਕੋਰਟ ਦੇ ਸਾਬਕਾ ਜੱਜ ਜਸਟਿਸ (ਰਿਟਾ.) ਫਾਕਿਰ ਮੁੰਹਮਦ ਖੋਕਰ ਨੇ 2020 ’ਚ ਪਾਕਿਸਤਾਨ ਸੁਪਰ ਲੀਗ (ਪੀ. ਐੱਸ. ਐੱਲ.) ਤੋਂ ਪਹਿਲਾਂ 2 ਭ੍ਰਿਸ਼ਟ ਸੰਪਰਕਾਂ ਦੀ ਸੂਚਨਾ ਦੇਣ ’ਚ ਨਾਕਾਮ ਰਹਿਣ ’ਤੇ ਉਮਰ ’ਤੇ ਲੱਗੀ 3 ਸਾਲਾਂ ਦੀ ਪਾਬੰਦੀ ਨੂੰ ਘਟਾ ਕੇ 18 ਮਹੀਨਿਆਂ ਦੀ ਕਰ ਦਿੱਤਾ ਸੀ। ਜ਼ਿਕਰਯੋਗ ਹੈ ਕਿ ਉਮਰ ਨੇ 3 ਸਾਲਾਂ ਦੀ ਪਾਬੰਦੀ ਵਿਰੁੱਧ ਅਪੀਲ ਕੀਤੀ ਸੀ।


ਨਸੀਰ ਨੇ ਕਿਹਾ ਕਿ ਅਸੀਂ ਖੇਡ ਪੰਚਾਟ ’ਚ ਅਪੀਲ ਦਾਇਰ ਕਰਨ ਦਾ ਫੈਸਲਾ ਕੀਤਾ ਕਿਉਂਕਿ ਆਜ਼ਾਦ ਜੱਜ ਨੇ ਆਪਣੇ ਫੈਸਲੇ ’ਚ ਲਿਖਿਆ ਸੀ ਕਿ ਉਹ ਬੱਲੇਬਾਜ਼ ਦੇ ਰਵੱਈਏ ਤੋਂ ਸੰਤੁਸ਼ਟ ਨਹੀਂ ਹੈ ਪਰ ਉਹ ਇਸ ਮਾਮਲੇ ਨੂੰ ਹਮਦਰਦੀ ਦੇ ਆਧਾਰ ’ਤੇ ਦੇਖ ਰਹੇ ਹਨ। ਹੁਣ ਸਵਾਲ ਇਹ ਹੈ ਕਿ ਜੇ ਰਵੱਈਆ ਠੀਕ ਨਹੀਂ ਹੈ ਤਾਂ ਹਮਦਰਦੀ ਦੇ ਆਧਾਰ ’ਤੇ ਕੀ ਸਜ਼ਾ ਘੱਟ ਹੋਣੀ ਚਾਹੀਦੀ ਹੈ। ਇਸ ਦੇ ਨਾਲ ਹੀ ਸਾਨੂੰ ਲੱਗਾ ਕਿ 2 ਦੋਸ਼ਾਂ ’ਚ ਹਰੇਕ ਲਈ 18 ਮਹੀਨਿਆਂ ਦੀ ਸਜ਼ਾ ਵੱਖ-ਵੱਖ ਚੱਲਣੀ ਚਾਹੀਦੀ ਹੈ, ਇਕੱਠਿਆਂ ਨਹੀਂ। ਨਸੀਰ ਨੇ ਕਿਹਾ ਕਿ ਪੀ. ਸੀ. ਬੀ. ਇਸ ਮਾਮਲੇ ’ਚ ਅਸਹਿਣਸ਼ੀਲਤਾ ਦਾ ਸਪੱਸ਼ਟ ਸੰਦੇਸ਼ ਦੇਣਾ ਚਾਹੁੰਦਾ ਸੀ।

Gurdeep Singh

This news is Content Editor Gurdeep Singh