ਕ੍ਰਿਸ ਗੇਲ ਵਰਗੀ ਹਾਲਤ ਹੋਈ ਪੰਡਯਾ ਦੀ

01/12/2019 12:47:48 AM

ਨਵੀਂ ਦਿੱਲੀ- ਭਾਰਤੀ ਆਲਰਾਊਂਡਰ ਹਾਰਦਿਕ ਪੰਡਯਾ ਦੀ ਹਾਲਤ ਵੈਸਟਇੰਡੀਜ਼ ਦੇ ਧਾਕੜ ਖਿਡਾਰੀ ਕ੍ਰਿਸ ਗੇਲ ਵਰਗੀ ਹੋ ਗਈ ਹੈ। ਗੇਲ ਨੂੰ 3 ਸਾਲ ਪਹਿਲਾਂ ਇਕ ਮਹਿਲਾ ਐਂਕਰ 'ਤੇ ਕੁਮੈਂਟ ਕਰਨਾ ਭਾਰੀ ਪਿਆ ਸੀ।
ਆਮ ਤੌਰ 'ਤੇ ਵਿਵਾਦਾਂ ਵਿਚ ਰਹਿਣ ਵਾਲੇ ਗੇਲ ਨੂੰ ਮਹਿਲਾ ਐਂਕਰ 'ਤੇ ਕੀਤੇ ਕੁਮੈਂਟ ਲਈ ਮੁਆਫੀ ਮੰਗਣੀ ਪਈ ਸੀ ਤੇ ਉਸ 'ਤੇ ਜੁਰਮਾਨਾ ਵੀ ਲਾਇਆ ਗਿਆ ਸੀ। 2016 ਵਿਚ ਗੇਲ ਨੇ ਬਿੱਗ ਬੈਸ਼ ਲੀਗ ਦੌਰਾਨ ਮਹਿਲਾ ਐਂਕਰ ਨਾਲ ਛੇੜਖਾਨੀ ਕੀਤੀ ਸੀ। ਇਸ 'ਤੇ ਸੋਸ਼ਲ ਮੀਡੀਆ 'ਤੇ ਕਾਫੀ ਹੰਗਾਮਾ ਹੋਇਆ ਸੀ। 
ਗੇਲ ਵਰਗੀ ਹਾਲਤ ਭਾਰਤੀ ਆਲਰਾਊਂਡਰ ਹਾਰਦਿਕ ਪੰਡਯਾ ਤੇ ਬੱਲੇਬਾਜ਼ ਲੋਕੇਸ਼ ਰਾਹੁਲ ਦੀ ਵੀ ਹੋ ਗਈ ਹੈ, ਜਿਹੜੇ ਹਾਲ ਹੀ ਵਿਚ ਕਰਨ ਜੌਹਰ ਦੇ ਟੀ. ਵੀ. ਸੋਅ 'ਕਾਫੀ ਵਿਦ ਕਰਨ' ਵਿਚ ਮਹਿਲਾਵਾਂ ਦੇ ਬਾਰੇ ਵਿਚ ਕੁਝ ਇਤਰਾਜ਼ਯੋਗ ਕੁਮੈਂਟ ਕਰਨ 'ਤੇ ਵਿਵਾਦਾਂ ਵਿਚ ਘਿਰ  ਗਏ ਹਨ। ਉਨ੍ਹਾਂ ਨੂੰ ਆਸਟਰੇਲੀਆ ਵਿਰੁੱਧ ਪਹਿਲੇ ਵਨ ਡੇ ਦੀ ਟੀਮ ਵਿਚੋਂ ਬਾਹਰ ਕਰ ਦਿੱਤਾ ਗਿਆ ਹੈ ਤੇ ਉਨ੍ਹਾਂ ਵਿਰੁੱਧ ਅਗਲੀ ਕਾਰਵਾਈ ਹੋਣ ਤਕ ਪਾਬੰਦੀ ਦੀ ਸਿਫਾਰਿਸ਼ ਵੀ ਕੀਤੀ ਗਈ ਹੈ।