ਪਾਕਿਸਤਾਨੀ ਮੁੱਕੇਬਾਜ਼ ਰਸ਼ੀਦ ਸਾਥੀ ਖਿਡਾਰੀ ਦੇ ਬੈਗ ''ਚੋਂ ਪੈਸੇ ਚੋਰੀ ਕਰਨ ਤੋਂ ਬਾਅਦ ਲਾਪਤਾ

03/05/2024 4:26:19 PM

ਰੋਮ : ਓਲੰਪਿਕ ਕੁਆਲੀਫਾਇੰਗ ਟੂਰਨਾਮੈਂਟ ਵਿੱਚ ਹਿੱਸਾ ਲੈਣ ਇਟਲੀ ਗਿਆ ਪਾਕਿਸਤਾਨੀ ਮੁੱਕੇਬਾਜ਼ ਜ਼ੋਹੇਬ ਰਾਸ਼ਿਦ ਆਪਣੇ ਸਾਥੀ ਖਿਡਾਰੀ ਦੇ ਬੈਗ ਵਿੱਚੋਂ ਪੈਸੇ ਚੋਰੀ ਕਰਕੇ ਲਾਪਤਾ ਹੈ। ਪਾਕਿਸਤਾਨ ਐਮੇਚਿਓਰ ਬਾਕਸਿੰਗ ਫੈਡਰੇਸ਼ਨ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਰਿਪੋਰਟ ਮੁਤਾਬਕ ਫੈਡਰੇਸ਼ਨ ਦੇ ਇਕ ਸੀਨੀਅਰ ਅਧਿਕਾਰੀ ਨੇ ਅੱਜ ਇੱਥੇ ਦੱਸਿਆ ਕਿ ਇਟਲੀ ਸਥਿਤ ਪਾਕਿਸਤਾਨੀ ਦੂਤਾਵਾਸ ਨੂੰ ਇਸ ਘਟਨਾ ਬਾਰੇ ਸੂਚਿਤ ਕਰ ਦਿੱਤਾ ਗਿਆ ਹੈ ਅਤੇ ਇਸ ਮਾਮਲੇ ਸਬੰਧੀ ਪੁਲਸ ਨੂੰ ਰਿਪੋਰਟ ਵੀ ਦੇ ਦਿੱਤੀ ਗਈ ਹੈ। ਨੈਸ਼ਨਲ ਫੈਡਰੇਸ਼ਨ ਦੇ ਸਕੱਤਰ ਕਰਨਲ ਨਸੀਰ ਅਹਿਮਦ ਨੇ ਕਿਹਾ, 'ਜ਼ੋਹੇਬ ਰਾਸ਼ਿਦ ਦੀ ਇਹ ਕਾਰਵਾਈ ਮਹਾਸੰਘ ਅਤੇ ਦੇਸ਼ ਲਈ ਬਹੁਤ ਸ਼ਰਮਨਾਕ ਹੈ।'
ਉਨ੍ਹਾਂ ਨੇ ਦੱਸਿਆ ਕਿ ਜ਼ੋਹੇਬ ਇਟਲੀ ਵਿੱਚ ਓਲੰਪਿਕ ਕੁਆਲੀਫਾਇੰਗ ਟੂਰਨਾਮੈਂਟ ਵਿੱਚ ਭਾਗ ਲੈਣ ਵਾਲੀ ਪੰਜ ਮੈਂਬਰੀ ਟੀਮ ਦਾ ਹਿੱਸਾ ਸੀ। ਉਸ ਨੇ ਪਿਛਲੇ ਸਾਲ ਏਸ਼ੀਆਈ ਮੁੱਕੇਬਾਜ਼ੀ ਚੈਂਪੀਅਨਸ਼ਿਪ ਵਿੱਚ ਕਾਂਸੀ ਦਾ ਤਗ਼ਮਾ ਜਿੱਤਿਆ ਸੀ। ਨਾਸਿਰ ਨੇ ਦੱਸਿਆ ਕਿ ਮਹਿਲਾ ਮੁੱਕੇਬਾਜ਼ ਲੌਰਾ ਇਕਰਾਮ ਅਭਿਆਸ ਲਈ ਗਈ ਸੀ ਅਤੇ ਜ਼ੋਹੇਬ ਨੇ ਫਰੰਟ ਡੈਸਕ ਤੋਂ ਉਸ ਦੇ ਕਮਰੇ ਦੀ ਚਾਬੀ ਅਤੇ ਉਸ ਦੇ ਪਰਸ ਤੋਂ ਵਿਦੇਸ਼ੀ ਕਰੰਸੀ ਲੈ ਲਈ ਅਤੇ ਫਿਰ ਹੋਟਲ ਤੋਂ ਗਾਇਬ ਹੋ ਗਿਆ। ਉਨ੍ਹਾਂ ਨੇ ਕਿਹਾ, 'ਪੁਲਸ ਨੂੰ ਘਟਨਾ ਬਾਰੇ ਸੂਚਿਤ ਕਰ ਦਿੱਤਾ ਗਿਆ ਹੈ ਅਤੇ ਉਸ ਦੀ ਭਾਲ ਕੀਤੀ ਜਾ ਰਹੀ ਹੈ, ਪਰ ਇਸ ਦੌਰਾਨ ਉਸ ਨੇ ਕਿਸੇ ਨਾਲ ਸੰਪਰਕ ਨਹੀਂ ਕੀਤਾ ਹੈ।'

Aarti dhillon

This news is Content Editor Aarti dhillon