ਆਰਟੀਕਲ 370 ਹਟਣ ਤੋਂ ਬਾਅਦ ਪਾਕਿ ਹਾਕੀ ਟੀਮ ਦੇ ਖੇਡਣ ''ਤੇ ਸ਼ਸ਼ੋਪੰਜ

08/08/2019 5:54:09 PM

ਜਲੰਧਰ : ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਦਿਹਾੜੇ ਨੂੰ ਲੈ ਕੇ ਕਰਤਾਰਪੁਰ ਕੋਰਿਡੋਰ ਖੁੱਲਣ ਦੀ ਖੁਸ਼ੀ 'ਤੇ ਸੁਰਜੀਤ ਹਾਕੀ ਸੁਸਾਈਟੀ ਨੇ 36ਵੇਂ ਓਲੰਪੀਅਨ ਸੁਰਜੀਤ ਹਾਕੀ ਟੂਰਨਾਮੈਂਟ ਵਿਚ ਹਿੱਸਾ ਲੈਣ ਲਈ ਪਾਕਿਸਤਾਨੀ ਹਾਕੀ ਫੈਡਰੇਸ਼ਨ ਨੂੰ ਸੱਦਾ ਭੇਜਿਆ ਸੀ। ਇਸ ਨੂੰ ਸਵੀਕਾਰ ਕਰ ਪਾਕਿਸਤਾਨ ਨੇ ਆਪਣੀ ਟੀਮ ਭੇਜਣ ਦਾ ਐਲਾਨ ਕੀਤਾ ਸੀ ਪਰ ਜੰਮੂ ਕਸ਼ਮੀਰ ਵਿਚੋਂ ਆਰਟੀਕਲ 370 ਖਤਮ ਹੋਣ ਤੋਂ ਬਾਅਦ ਪਾਕਿ ਖਿਡਾਰੀਆਂ ਦਾ ਦੌਰਾ ਖਟਾਈ 'ਚ ਪੈ ਗਿਆ ਹੈ। ਇਸ ਵਜ੍ਹਾ ਤੋਂ ਪਾਕਿਸਤਾਨ ਹਾਕੀ ਫੈਡਰੇਸ਼ਨ ਨੇ ਖਿਡਾਰੀਆਂ ਦੇ ਨਾਂਵਾਂ ਦੀ ਸੂਚੀ ਨਹੀਂ ਭੇਜੀ। ਇਸ ਕਾਰਨ ਟੂਰਨਾਮੈਂਟ ਦੇ ਪ੍ਰਬੰਧਕ ਵੀ ਚਿੰਤਤ ਹਨ। ਫਿਲਹਾਲ ਸੁਰਜੀਤ ਹਾਕੀ ਸੁਸਾਈਟੀ ਦੇ ਪ੍ਰਬੰਧਕਾਂ ਦਾ ਕਹਿਣਾ ਹੈ ਕਿ ਅਜੇ ਟੂਰਨਾਮੈਂਟ ਅਕਤੂਬਰ ਵਿਚ ਆਯੋਜਿਤ ਕੀਤਾ ਜਾਣਾ ਹੈ। ਵਿਦੇਸ਼ ਮੰਤਰਾਲੇ ਦੀ ਹਰੀ ਝੰਡੀ ਤੋਂ ਬਾਅਦ ਹੀ ਟੀਮ ਭਾਰਤ ਪਹੁੰਚੇਗੀ। ਸੁਸਾਈਟੀ ਟੂਰਨਾਮੈਂਟ ਦੀ 25000 ਰੁਪਏ ਫੀਸ ਹਾਕੀ ਇੰਡੀਆ ਨੂੰ ਭੇਜੀ ਜਾ ਚੁੱਕੀ ਹੈ।

ਟੀਮ ਦੇ ਆਉਣ ਦੀ ਉਮੀਦ ਬਰਕਰਾਰ
ਸੁਰਜੀਤ ਹਾਕੀ ਸੁਸਾਈਟੀ ਦੇ ਪ੍ਰਬੰਧਕ ਸੈਕਟਰੀ ਇਕਬਾਲ ਸਿੰਘ ਸੰਧੂ ਨੇ ਕਿਹਾ ਕਿ ਜੰਮੂ ਕਸ਼ਮੀਰ  ਵਿਚ ਆਰਟੀਕਲ 370 ਖਤਮ ਕੀਤੇ ਜਾਣ ਦੇ ਫੈਸਲੇ ਦੀ ਸ਼ਲਾਘਾ ਦੇਸ਼ ਦੇ ਜ਼ਿਆਦਾਤਰ ਲੋਕਾਂ ਨੇ ਕੀਤੀ ਹੈ। ਆਰਟੀਕਲ ਖਤਮ ਹੋਣ ਨਾਲ ਦੋਵਾਂ ਦੇਸ਼ਾਂ ਵਿਚ ਤਣਾਅ ਦੇ ਹਾਲਾਤ ਜ਼ਰੂਰ ਹਨ ਪਰ ਅਕਤੂਬਰ ਵਿਚ ਹੋਣ ਵਾਲੇ ਟੂਰਨਾਮੈਂਟ ਵਿਚ ਪਾਕਿਸਤਾਨ ਦੀ ਹਾਕੀ ਟੀਮ ਦੇ ਆਉਣ ਦੀ ਉਮੀਦ ਹੈ। ਜੇਕਰ ਪਾਕਿਸਤਾਨੀ ਟੀਮ ਟੂਰਨਾਮੈਂਟ ਵਿਚ ਹਿੱਸਾ ਲੈਂਦੀ ਹੈ ਤਾਂ ਦੋਵਾਂ ਦੇਸ਼ਾਂ ਵਿਚਾਲੇ ਸਬੰਧ ਮਜ਼ਬੂਤ ਹੋਣਗੇ।