ਕ੍ਰਿਕਟ ''ਚ ਭ੍ਰਿਸ਼ਟਾਚਾਰ ਦਾ ਗਡ਼੍ਹ ਬਣਿਆ ਪਾਕਿ, ਹੈਰਾਨ ਕਰਨ ਵਾਲੀਆਂ ਗੱਲਾਂ ਆਈਆਂ ਸਾਹਮਣੇ

09/19/2019 1:35:24 PM

ਸਪੋਰਟਸ ਡੈਸਕ : ਕੰਗਾਲੀ ਦੀ ਕਗਾਰ 'ਤੇ ਖੜ੍ਹੇ ਪਾਕਿਸਤਾਨ ਲਈ ਦੇਸ਼ ਵਿਚ ਅੰਤਰਰਾਸ਼ਟਰੀ ਖੇਡਾਂ ਦਾ ਆਯੋਜਨ ਕਰਨਾ ਬਹੁਤ ਜ਼ਰੂਰੀ ਹੈ। ਇਸੇ ਟੀਚੇ ਨਾਲ ਉਸਨੇ ਆਪਣੇ ਦੇਸ਼ ਵਿਚ ਕ੍ਰਿਕਟ ਲੀਗ ਦੀ ਸ਼ੁਰੂਆਤ ਕੀਤੀ। ਜਿੱਥੇ ਇਕ ਪਾਸੇ ਪਾਕਿਸਤਾਨ ਨੂੰ ਅਜੇ ਵੀ ਆਪਣੇ ਦੇਸ਼ ਵਿਚ ਕੌਮਾਂਤਰੀ ਕ੍ਰਿਕਟ ਦੇ ਪਰਤਣ ਦੀ ਉਡੀਕ ਹੈ ਉੱਥੇ ਹੀ ਪਾਕਿਸਤਾਨ ਸੁਪਰ ਲੀਗ ਦੇ ਪਹਿਲੇ 2 ਸੈਸ਼ਨਾਂ ਵਿਚ ਭਾਰੀ ਗੜਬੜੀਆਂ ਦੇ ਸਾਹਮਣੇ ਆਉਣ ਤੋਂ ਬਾਅਦ ਮੁਸ਼ਕਲ ਵੱਧ ਗਈ ਹੈ। ਪਾਕਿਸਤਾਨ ਕ੍ਰਿਕਟ ਬੋਰਡ (ਪੀ. ਸੀ. ਬੀ.) ਦੇ ਸਾਹਮਣੇ ਇਕ ਨਵੀਂ ਰਿਪੋਰਟ ਪੇਸ਼ ਕੀਤੀ ਗਈ ਜਿਸ ਦੇ ਤਹਿਤ ਉਸ ਨੂੰ (ਪੀ. ਐੱਸ. ਐੱਲ. ਦੇ) ਪਹਿਲੇ 2 ਸੈਸ਼ਨਾਂ ਵਿਚ ਫਿਕਸਿੰਗ ਅਤੇ ਸੱਟੇਬਾਜ਼ੀ ਦੇ ਚਲਦੇ ਕਰੋੜਾਂ ਰੁਪਇਆਂ ਦਾ ਨੁਕਸਾਨ ਹੋਇਆ ਹੈ।

ਪਾਕਿਸਤਾਨ ਦੇ ਇਕ ਅਖਬਾਰ ਡਾਨ ਦੀ ਰਿਪੋਰਟ ਮੁਤਾਬਕ ਪਹਿਲੇ-2 ਪੀ. ਐੱਸ. ਐੱਲ. ਸੈਸ਼ਨਾਂ ਵਿਚ ਜਾਰੀ ਮਹੱਤਵਪੂਰਨ ਆਡਿਟ ਰਿਪੋਰਟ ਵਿਚ ਪਾਕਿਸਤਾਨ ਦੇ ਆਡਿਟਰ ਜਨਰਲ ਨੇ ਫ੍ਰੈਂਚਾਈਜ਼ੀ ਨੂੰ ਕੀਤੇ ਗਏ ਗਲਤ ਭੁਗਤਾਨ, ਵੈਂਡਰਸ ਨੂੰ ਕੀਤੇ ਗਏ ਅਨਿਯਮਿਤ ਪੇਸ਼ਗੀ, ਪੱਤਰਕਾਰਾਂ ਅਤੇ ਬੋਰਡ ਆਫ ਗਵਰਨਰਸ ਦੇ ਮੈਂਬਰਾਂ ਨੂੰ ਆਵਾਜਾਈ-ਮਹਿੰਗਾਈ ਭੱਤੇ ਦੇ ਭੁਗਤਾਨ ਵਰਗੇ ਕਈ ਮੁੱਦਿਆਂ ਦੇ ਬਾਰੇ ਦੱਸਿਆ ਗਿਆ। ਰਿਪੋਰਟ ਮੁਤਾਬਕ ਕੇਂਦਰੀ ਪੂਲ ਦੇ ਸ਼ੇਅਰ ਤੋ ਵੱਧ ਫ੍ਰੈਂਚਾਈਜ਼ੀ ਨੂੰ ਕੀਤੇ ਗਏ ਅਨਿਯਮਿਤ ਭੁਗਤਾਨ ਕਾਰਨ ਪੀ. ਸੀ. ਬੀ. (ਪਾਕਿਸਤਾਨ ਕ੍ਰਿਕਟ ਬੋਰਡ) ਨੂੰ 24.86 ਕਰੋੜ ਰੁਪਏ ਦਾ ਨੁਕਸਾਨ ਝੱਲਣਾ ਪਿਆ। ਪਾਕਿਸਤਾਨ ਨੈਸ਼ਨਲ ਅਸੈਂਬਲੀ ਵਿਚ ਸੋਮਵਾਰ ਨੂੰ ਪੇਸ਼ ਕੀਤੀ ਗਈ ਰਿਪੋਰਟ ਵਿਚ ਦੱਸਿਆ ਗਿਆ ਕਿ ਪੀ. ਐੱਸ. ਐੱਲ. ਫ੍ਰੈਂਚਾਈਜ਼ੀ ਨੂੰ ਮੁਆਵਜ਼ੇ ਦੇ ਅਨਿਯਮਿਤ ਭੁਗਤਾਨ ਕਾਰਨ ਕ੍ਰਿਕਟ ਬੋਰਡ ਨੂੰ 5.45 ਕਰੋੜ ਰੁਪਏ ਦਾ ਨੁਕਸਾਨ ਝੱਲਣਾ ਪਿਆ ਜਦਕਿ ਫ੍ਰੈਂਚਾਈਜ਼ੀ ਦੀ ਗਲਤ ਨੀਲਾਮੀ ਤੋਂ ਇਕ ਕਰੋੜ 10 ਲੱਖ ਡਾਲਰ ਦਾ ਨੁਕਸਾਨ ਹੋਇਆ।

ਆਡਿਟ 'ਚ ਦੱਸਿਆ ਗਿਆ ਕਿ ਪੀ. ਸੀ. ਬੀ. ਨੇ ਫ੍ਰੈਂਚਾਈਜ਼ੀ ਤੋਂ 3.20 ਕਰੋੜ ਰੁਪਏ ਨਹੀਂ ਵਸੂਲੇ ਅਤੇ ਪੀ. ਐੱਸ. ਐੱਲ.-2 ਲਈ ਫਾਈਨਲ ਵਿਚ ਸਹੀ ਅੰਦਾਜ਼ੇ ਬਿਨਾ ਪ੍ਰੋਡਕਸ਼ਨ 'ਤੇ 1.89 ਕਰੋੜ ਰੁਪਏ ਦਾ ਖਰਚ ਕੀਤਾ। ਆਡਿਟ ਜਨਰਲ ਦੀ ਰਿਪੋਰਟ ਵਿਚ ਇਹ ਵੀ ਦਾਅਵਾ ਕੀਤਾ ਗਿਆ ਹੈ ਕਿ ਪੀ. ਸੀ. ਬੀ. ਨੇ ਪਾਕਿਸਤਾਨ ਤੋਂ ਬਾਹਰ ਤੀਜੇ ਪੱਖ ਦੇ ਬੈਂਕ ਖਾਤੇ ਵਿਚ ਗੈਰ ਕਾਨੂੰਨੀ ਰੂਪ ਨਾਲ 14.51 ਕਰੋੜ ਭੇਜੇ। ਪੀ. ਸੀ. ਬੀ. ਨੇ ਵਪਾਰਕ ਪ੍ਰਸਾਰਣ ਅਧਿਕਾਰਾਂ ਦੀ ਨੀਲਾਮੀ ਨਹੀਂ ਹੋਣ ਕਾਰਨ 1.3 ਕਰੋੜ ਰੁਪਏ ਦਾ ਨੁਕਸਾਨ ਝੱਲਿਆ। ਇਸ ਰਿਪੋਰਟ ਵਿਚ ਪਾਕਿਸਤਾਨ ਸੁਪਰ ਲੀਗ ਦੌਰਾਨ ਹੋ ਰਹੀ ਮੈਚ ਫਿਕਸਿੰਗ ਅਤੇ ਸੱਟੇਬਾਜ਼ੀ ਦੇ ਮੁੱਦਿਆਂ ਨੂੰ ਵੀ ਚੁੱਕਿਆ ਗਿਆ ਹੈ।