ਪਾਕਿਸਤਾਨ ਦੇ ਮਿਸਬਾਹ ਨੂੰ ਪਿੱਛੇ ਛੱਡ ਏਸ਼ੀਆ ਦੇ ਬਾਦਸ਼ਾਹ ਬਣੇ ਕੋਹਲੀ

10/14/2018 3:22:42 PM

ਨਵੀਂ ਦਿੱਲੀ : ਭਾਰਤੀ ਟੀਮ ਦੇ ਕਪਤਾਨ ਵਿਰਾਟ ਕੋਹਲੀ ਹੁਣ ਜਦੋਂ ਵੀ ਬੱਲੇਬਾਜ਼ੀ ਕਰਨ ਉਤਰਦੇ ਹਨ ਤਾਂ ਕੋਈ ਨਾ ਕੋਈ ਰਿਕਾਰਡ ਆਪਣੇ ਨਾਂ ਕਰ ਲੈਂਦੇ ਹਨ। ਸ਼ਨੀਵਾਰ ਨੂੰ ਵੈਸਟਇੰਡੀਜ਼ ਖਿਲਾਫ ਪਹਿਲੀ ਪਾਰੀ ਵਿਚ ਕਪਤਾਨ ਕੋਹਲੀ ਭਾਵੇਂ ਹੀ ਵੱਡੀ ਪਾਰੀ ਨਾਂ ਖੇਡ ਸਕੇ। ਹਾਲਾਂਕਿ 45 ਦੌੜਾਂ ਦੀ ਪਾਰੀ ਖੇਡਣ ਦੇ ਨਾਲ ਹੀ ਉਹ ਬੱਲੇਬਾਜ਼ੀ ਵਿਚ ਏਸ਼ੀਆ ਦੇ ਸਭ ਤੋਂ ਸ਼ਾਨਦਾਰ ਕਪਤਾਨ ਬਣ ਗਏ ਹਨ।

ਮਿਸਬਾਹ ਨੂੰ ਕੀਤਾ ਪਿੱਛੇ
ਕੋਹਲੀ ਨੇ ਹੈਦਰਾਬਾਦ ਵਿਚ ਭਾਰਤ ਦੀ ਪਹਿਲੀ ਪਾਰੀ ਦੌਰਾਨ 5 ਚੌਕੇ ਲਗਾਏ ਪਰ ਅਰਧ ਸੈਂਕੜਾ ਮਾਰਨ ਤੋਂ ਖੁੰਝ ਗਏ। ਹਾਲਾਂਕਿ 45 ਦੌੜਾਂ ਬਣਾਉਣ ਵਾਲੇ ਕੋਹਲੀ ਨੇ ਬੱਲੇਬਾਜ਼ੀ ਦੇ ਮਾਮਲੇ ਵਿਚ ਪਾਕਿਸਤਾਨ ਦੇ ਸਾਬਕਾ ਕਪਤਾਨ ਮਿਸਬਾਹ ਉਲ ਹੱਕ ਨੂੰ ਪਿੱਛੇ ਛੱਡ ਦਿੱਤਾ। ਕੋਹਲੀ ਹੁਣ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਏਸ਼ੀਆਈ ਟੈਸਟ ਕਪਤਾਨ ਬਣ ਗਏ ਹਨ। ਕੋਹਲੀ ਨੇ ਬਤੌਰ ਕਪਤਾਨ ਸਿਰਫ 42 ਮੈਚਾਂ ਵਿਚ 65.12 ਦੀ ਔਸਤ ਨਾਲ 4233 ਦੌੜਾਂ ਬਣਾਈਆਂÎ। ਇਸ ਦੌਰਾਨ ਉਸ ਨੇ 17 ਸੈਂਕੜੇ ਵੀ ਲਗਾਏ ਹਨ।

ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਕੋਹਲੀ ਤੋਂ ਅੱਗੇ ਮਿਸਬਾਹ ਸਨ ਜਿਸ ਨੇ ਕਪਤਾਨ ਰਹਿੰਦਿਆਂ 56 ਮੈਚਾਂ ਵਿਚ 51.39 ਦੀ ਔਸਤ ਨਾਲ 4214 ਦੌੜਾਂ ਬਣਾਈਆਂ ਸੀ। ਮਿਸਬਾਹ ਨੇ ਇਸ ਦੌਰਾਨ 8 ਸੈਂਕੜੇ ਵੀ ਲਗਾਏ। ਪੂਰੀ ਦੁਨੀਆ ਵਿਚ ਕਪਤਾਨੀ ਕਰਦਿਆਂ ਸਭ ਤੋਂ ਵੱਧ ਦੌੜਾਂ ਬਣਾਉਣ ਦਾ ਰਿਕਾਰਡ ਦੱਖਣੀ ਅਫਰੀਕਾ ਦੇ ਗ੍ਰੀਮ ਸਮਿੱਥ  ਦੇ ਨਾਂ ਹੈ। ਉਸ ਨੇ 109 ਮੈਚਾਂ ਵਿਚ 8659 ਦੌੜਾਂ ਬਣਾਈਆਂ ਹਨ। ਜਿਸ ਵਿਚ ਉਸ ਦੀ ਔਸਤ 47.84 ਦੀ ਰਹੀ। ਬਤੌਰ ਕਪਤਾਨ ਸਭ ਤੋਂ ਸ਼ਾਨਦਾਰ ਬੱਲੇਬਾਜ਼ਾਂ ਦੀ ਸੂਚੀ ਵਿਚ ਮੌਜੂਦ ਦੁਨੀਆ ਭਰ ਦੇ ਖਿਡਾਰੀਆਂ ਵਿਚੋਂ ਕੋਹਲੀ ਦਾ ਔਸਤ ਸਭ ਸ਼ਾਨਦਾਰ ਹੈ।