ਓਪੇਰਾ ਯੂਰੋ ਰੈਪਿਡ ਸ਼ਤਰੰਜ ਟੂਰਨਾਮੈਂਟ: ਕਾਰਲਸਨ ਤੇ ਵੇਸਲੀ ਨੇ ਵਧਾਏ ਫਾਈਨਲ ਵੱਲ ਕਦਮ

02/13/2021 11:05:13 AM

ਨਵੀਂ ਦਿੱਲੀ (ਨਿਕਲੇਸ਼ ਜੈਨ)– ਓਪੇਰਾ ਯੂਰੋ ਰੈਪਿਡ ਸ਼ਤਰੰਜ ਟੂਰਨਾਮੈਂਟ ਹੁਣ ਆਪਣੇ ਆਖਰੀ ਪੜਾਅ ’ਤੇ ਜਾ ਪਹੁੰਚਿਆ ਹੈ ਤੇ ਇਕ ਦਿਨ ਦੇ ਇੰਤਜ਼ਾਰ ਤੋਂ ਬਾਅਦ ਸਾਨੂੰ ਇਹ ਪਤਾ ਲੱਗ ਜਾਵੇਗਾ ਕਿ ਕੌਣ ਇਸ ਵਾਰ ਖਿਤਾਬੀ ਫਾਈਨਲ ਖੇਡਣ ਵਾਲਾ ਹੈ। ਬੈਸਟ ਆਫ ਟੂ ਸੈਮੀਫਾਈਨਲ ਦੇ ਪਹਿਲੇ ਦਿਨ ਨਾਰਵੇ ਦੇ ਵਿਸ਼ਵ ਚੈਂਪੀਅਨ ਮੈਗਨਸ ਕਾਰਲਸਨ ਦੇ ਸਾਹਮਣੇ ਫਰਾਂਸ ਦਾ ਮੈਕਸਿਮ ਲਾਗ੍ਰੇਵ ਸੀ ਤੇ ਇਕ ਵਾਰ ਫਿਰ ਪਹਿਲਾ ਦਿਨ ਕਾਰਲਸਨ ਦੇ ਨਾਂ ਰਿਹਾ ਤੇ ਉਸ ਨੇ ਮੈਕਸਿਮ ਨੂੰ ਪਹਿਲੇ ਦਿਨ 3 ਮੈਚਾਂ ਵਿਚ ਹੀ 2.5-0.5 ਨਾਲ ਜਿੱਤ ਦਰਜ ਕਰਦੇ ਹੋਏ ਫਾਈਨਲ ਵੱਲ ਕਦਮ ਵਧਾ ਦਿੱਤਾ ਹੈ।

ਪਹਿਲੇ ਮੈਚ ਵਿਚ ਕਾਰਲਸਨ ਨੇ ਗੁਰਨੀਫੀਲਡ ਓਪਨਿੰਗ ਵਿਚ ਇਕ ਬਿਹਤਰੀਨ ਐਂਡਗੇਮ ਵਿਚ ਮੈਕਸਿਮ ਦਾ ਘੋੜਾ ਬੁਰੀ ਤਰ੍ਹਾਂ ਫਸਾ ਕੇ 34 ਚਾਲਾਂ ਵਿਚ ਜਿੱਤ ਹਾਸਲ ਕੀਤੀ। ਦੂਜਾ ਮੁਕਾਬਲਾ ਡਰਾਅ ਰਿਹਾ ਜਦਕਿ ਤੀਜੇ ਮੁਕਾਬਲੇ ਵਿਚ ਇਕ ਵਾਰ ਫਿਰ ਸਫੇਦ ਮੋਹਰਿਆਂ ਨਾਲ ਗੁਰਨੀਫੀਲਡ ਓਪਨਿੰਗ ਵਿਚ ਹਾਥੀ ਤੇ ਊਠ ਦੇ ਐਂਡਗੇਮ ਵਿਚ 50 ਚਾਲਾਂ ਵਿਚ ਜਿੱਤ ਹਾਸਲ ਕੀਤੀ।

ਉਥੇ ਹੀ ਦੂਜੇ ਸੈਮੀਫਾਈਨਲ ਦੇ ਪਹਿਲੇ ਦਿਨ ਅਮਰੀਕਾ ਦੇ ਵੇਸਲੀ ਸੋ ਨੇ ਅਜਰਬੈਜਾਨ ਦੇ ਤੈਮੂਰ ਰਦੁਜਾਬੋਵ ਨੂੰ 2.5-1.5 ਦੇ ਫਰਕ ਨਾਲ ਹਰਾਉਂਦੇ ਹੋਏ ਬੜ੍ਹਤ ਬਣਾ ਲਈ। ਦਰਅਸਲ ਦੋਵਾਂ ਵਿਚਾਲੇ ਜ਼ੋਰਦਾਰ ਟੱਕਰ ਹੋਈ ਤੇ ਚਾਰ ਵਿਚੋਂ ਤਿੰਨ ਮੈਚਾਂ ਵਿਚ ਨਤੀਜੇ ਨਿਕਲੇ । ਦੋ ਮੈਚ ਵੇਸਲੀ ਸੋ ਨੇ ਤੇ ਇਕ ਮੈਚ ਤੈਮੂਰ ਨੇ ਆਪਣੇ ਨਾਂ ਕੀਤਾ।

ਹੁਣ ਦੂਜੇ ਦਿਨ ਫਾਈਨਲ ਵਿਚ ਪਹੁੰਚਣ ਲਈ ਜਿੱਥੇ ਕਾਰਲਸਨ ਤੇ ਵੇਸਲੀ ਸੋ ਨੂੰ ਸਿਰਫ ਡਰਾਅ ਦੀ ਲੋੜ ਹੈ ਉਥੇ ਹੀ ਮੈਕਸਿਮ ਤੇ ਤੈਮੂਰ ਨੂੰ ਹਰ ਹਾਲ ਵਿਚ ਜਿੱਤ ਦਰਜ ਕਰਕੇ ਸਕੋਰ ਬਰਾਬਰ ਕਰਨਾ ਪਵੇਗਾ ਅਤੇ ਤਦ ਹੀ ਮੈਚ ਟਾਈਬ੍ਰੇਕ ਤਕ ਜਾਵੇਗਾ।

cherry

This news is Content Editor cherry