ਟੀ-20 ਵਿਚ ਸਿਰਫ 6 ਦੌੜਾਂ ''ਤੇ ਢੇਰ ਹੋਈ ਇਹ ਟੀਮ, ਬੱਲੇ ਨਾਲ ਬਣੀ ਸਿਰਫ ਇਕ ਦੌੜ

06/19/2019 1:29:44 PM

ਸਪੋਰਟਸ ਡੈਸਕ : ਰਵਾਂਡਾ ਨੇ ਮੰਗਲਵਾਰ ਨੂੰ ਕਿਗਾਲੀ ਸਿਟੀ ਵਿਚ ਕਵਿਬੁਕਾ ਮਹਿਲਾ ਟੂਰਨਾਮੈਂਟ ਵਿਚ ਮਾਲੀ ਨੂੰ ਸਿਰਫ 6 ਦੌੜਾਂ 'ਤੇ ਢੇਰ ਕਰ ਦਿੱਤਾ ਜੋ ਮਹਿਲਾ ਟੀ-20 ਕੌਮਾਂਤਰੀ ਮੈਚ ਵਿਚ ਸਭ ਤੋਂ ਘੱਟ ਸਕੋਰ ਹੈ। ਮਾਲੀ ਦੀ ਪਾਰੀ ਸਿਰਫ 9 ਓਵਰ ਤੱਕ ਚੱਲੀ। ਸਲਾਮੀ ਬੱਲੇਬਾਜ਼ ਮਾਰਿਮਾ  ਸਮਾਕੇ ਨੇ 1 ਦੌੜ ਬਣਾਈ ਜਦਕਿ ਬਾਕੀ 5 ਦੌੜਾਂ ਐਕਸਟ੍ਰਾ ਦੀਆਂ ਸੀ।

ਰਵਾਂਡਾ ਨੇ ਇਸ ਤੋਂ ਬਾਅਦ ਸਿਰਫ 4 ਗੇਂਦਾਂ ਵਿਚ ਬਿਨਾ ਕੋਈ ਵਿਕਟ ਗੁਆਏ ਟੀਚਾ ਹਾਸਲ ਕਰ ਲਿਆ। ਜੋ ਬਾਕੀ ਗੇਂਦਾਂ (116) ਦੇ ਮਾਮਲੇ ਵਿਚ ਜਿੱਤ ਦੇ ਸਭ ਤੋਂ ਵੱਡੇ ਫਰਕ ਦਾ ਨਵਾਂ ਰਿਕਾਰਡ ਹੈ। ਇਸ ਤੋਂ ਪਹਿਲਾਂ ਮਹਿਲਾ ਟੀ-20 ਕੌਮਾਂਤਰੀ ਵਿਚ ਸਭ ਤੋਂ ਘੱਟ ਸਕੋਰ ਚੀਨ ਦੇ ਨਾਂ ਸੀ ਜੋ ਯੂ. ਏ. ਈ. ਖਿਲਾਫ ਸਿਰਫ 14 ਦੌੜਾਂ ਹੀ ਬਣਾ ਸੱਕਿਆ ਸੀ। ਯੂ. ਏ. ਈ. ਨੇ ਇਸ ਮੁਕਾਬਲੇ ਨੂੰ 189 ਦੌੜਾਂ ਨਾਲ ਆਪਣੇ ਨਾਂ ਕੀਤਾ ਸੀ ਜੋ ਮਹਿਲਾ ਟੀ-20 ਕੌਮਾਂਤਰੀ ਵਿਚ ਦੌੜਾਂ ਦੇ ਹਿਸਾਬ ਨਾਲ ਸਭ ਤੋਂ ਵੱਡੀ ਜਿੱਤ ਹੈ।