ਇਸ ਵੱਡੇ ਕ੍ਰਿਕਟਰ ਨੂੰ ਮਿਲੀ ਇਕ ਸਾਲ ਦੇ ਬੈਨ ਦੀ ਸਜ਼ਾ, ਕਰ ਦਿੱਤੀ ਸੀ ਇਹ ਗਲਤੀ

06/28/2017 1:03:09 PM

ਕੋਲੰਬੋ— ਸ਼੍ਰੀਲੰਕਾਈ ਤੇਜ਼ ਗੇਂਦਬਾਜ਼ ਲਸਿਥ ਮਲਿੰਗਾ ਨੂੰ ਮਨਜ਼ੂਰੀ ਲਏ ਬਿਨਾ ਮੀਡੀਆ 'ਚ ਬਿਆਨ ਦੇ ਕੇ ਕਰਾਰ ਤੋੜਨ ਦਾ ਦੋਸ਼ੀ ਪਾਇਆ ਗਿਆ ਹੈ। ਇਸ ਦੇ ਚਲਦੇ ਉਨ੍ਹਾਂ 'ਤੇ ਇਕ ਸਾਲ ਦੀ ਪਾਬੰਦੀ ਲਗਾਈ ਗਈ ਹੈ। ਇਹ ਜਾਣਕਾਰੀ ਮੰਗਲਵਾਰ ਨੂੰ ਸ਼੍ਰੀਲੰਕਾ ਕ੍ਰਿਕਟ ਬੋਰਡ ਨੇ ਦਿੱਤੀ। ਫਿਲਹਾਲ ਮਲਿੰਗਾ 'ਤੇ 6 ਮਹੀਨਿਆਂ ਦੀ ਪਾਬੰਦੀ ਲਗਾ ਦਿੱਤੀ ਗਈ ਹੈ। ਅਨੁਸ਼ਾਸਨਾਤਮਕ ਜਾਂਚ ਤੋਂ ਬਾਅਦ ਉਨ੍ਹਾਂ ਨੂੰ ਕਰਾਰ ਤੋੜਨ ਦਾ ਦੋਸ਼ੀ ਪਾਇਆ ਗਿਆ ਅਤੇ ਉਨ੍ਹਾਂ 'ਤੇ ਅਗਲੇ ਵਨਡੇ ਮੈਚ 'ਚ 50 ਫੀਸਦੀ ਮੈਚ ਫੀਸ ਦਾ ਜੁਰਮਾਨਾ ਲਗਾਇਆ ਗਿਆ ਹੈ।

ਮਲਿੰਗਾ ਮੰਗਲਵਾਰ ਦੀ ਬੋਰਡ ਦੀ ਵਿਸ਼ੇਸ਼ ਜਾਂਚ ਕਮੇਟੀ ਦੇ ਸਾਹਮਣੇ ਹਾਜ਼ਰ ਹੋਏ। ਉੱਥੇ ਉਨ੍ਹਾਂ ਆਪਣੇ ਖਿਲਾਫ ਦੋਸ਼ ਸਵੀਕਾਰ ਕੀਤੇ ਅਤੇ ਫਿਰ ਰਸਮੀ ਤੌਰ 'ਤੇ ਮੁਆਫੀ ਮੰਗੀ। ਸ਼੍ਰੀਲੰਕਾ ਕ੍ਰਿਕਟ (ਐੱਸ.ਐੱਲ.ਸੀ.) ਵੱਲੋਂ ਕਿਹਾ ਗਿਆ, ''ਖਾਸ ਤੌਰ 'ਤੇ ਆਯੋਜਿਤ ਕਾਰਜਕਾਰੀ ਕਮੇਟੀ ਦੀ ਬੈਠਕ 'ਚ ਉਨ੍ਹਾਂ 'ਤੇ ਇਕ ਸਾਲ ਦੀ ਪਾਬੰਦੀ ਲਗਾਈ ਅਤੇ 6 ਮਹੀਨਿਆਂ ਲਈ ਮੁਅੱਤਲ ਕੀਤਾ ਗਿਆ (ਜੇਕਰ ਉਹ ਦੁਬਾਰਾ ਇਸ ਦੀ ਤਰ੍ਹਾਂ ਦੀ ਉਲੰਘਣਾ ਕਰਦੇ ਹਨ ਤਾਂ ਉਨ੍ਹਾਂ ਨੂੰ 6 ਮਹੀਨਿਆਂ ਦੀ ਸਮਾਂ ਮਿਆਦ ਦੇ ਲਈ ਦੁਬਾਰਾ ਮੁਅੱਤਲ ਕੀਤਾ ਜਾ ਸਕਦਾ ਹੈ) ਅਤੇ ਉਨ੍ਹਾਂ ਨੂੰ ਅਗਲੇ ਵਨਡੇ ਮੈਚ ਦੀ 50 ਫੀਸਦੀ ਫੀਸ ਜੁਰਮਾਨੇ ਦੇ ਤੌਰ 'ਤੇ ਦੇਣੀ ਹੋਵੇਗੀ।''

ਇਹ ਜਾਂਚ ਮਲਿੰਗਾ ਦੇ ਆਪਣੇ ਦੇਸ਼ ਦੇ ਖੇਡ ਮੰਤਰੀ ਦਯਾਸਿਰੀ ਜੈਸ਼ੇਖਰਾ ਦੇ ਖਿਲਾਫ ਕੁਝ ਟਿੱਪਣੀਆਂ ਕਰਨ ਦੀ ਵਜ੍ਹਾ ਨਾਲ ਸ਼ੁਰੂ ਕੀਤੀ ਗਈ ਸੀ। ਮਲਿੰਗਾ ਨੇ ਲੰਡਨ 'ਚ ਹੋਈ ਚੈਂਪੀਅਨਸ ਟਰਾਫੀ ਤੋਂ ਪਰਤਨ ਦੇ ਬਾਅਦ ਦੋ ਵਾਰ ਸਮਝੌਤਿਆਂ ਦੀਆਂ ਸ਼ਰਤਾਂ ਦੀ ਉਲੰਘਣਾ ਕੀਤੀ ਹੈ। ਇਨ੍ਹਾਂ ਸ਼ਰਤਾਂ ਦੇ ਮੁਤਾਬਕ ਉਹ ਐੱਸ.ਐੱਲ.ਸੀ. ਦੇ ਸੀ.ਈ.ਓ. ਤੋਂ ਪਹਿਲਾਂ ਮਨਜ਼ੂਰੀ ਲਏ ਬਗੈਰ ਮੀਡੀਆ 'ਚ ਕੋਈ ਬਿਆਨ ਨਹੀਂ ਦੇ ਸਕਦੇ ਹਨ।

ਸ਼੍ਰੀਲੰਕਾ ਦੇ ਚੈਂਪੀਅਨਸ ਟਰਾਫੀ ਤੋਂ ਜਲਦੀ ਬਾਹਰ ਹੋਣ ਦੇ ਬਾਅਦ ਜੈਸ਼ੇਖਰਾ ਨੇ ਖਿਡਾਰੀਆਂ ਦੇ ਫਿੱਟਨੈਸ ਪੱਧਰ 'ਤੇ ਸਵਾਲ ਉਠਾਏ ਸਨ ਅਤੇ ਕਿਹਾ ਸੀ ਕਿ ਭਵਿੱਖ 'ਚ ਚੋਣ ਕ੍ਰਿਕਟਰਾਂ ਦੀ ਫਿੱਟਨੈਸ 'ਤੇ ਨਿਰਭਰ ਕਰੇਗੀ। ਸ਼੍ਰੀਲੰਕਾ ਦੀ ਫੀਲਡਿੰਗ ਚੰਗੀ ਨਹੀਂ ਰਹੀ ਸੀ ਅਤੇ ਉਸ ਦੇ ਖਿਡਾਰੀਆਂ ਨੇ ਕਈ ਕੈਚ ਛੱਡੇ ਸਨ। ਇਸ ਤੋਂ ਬਾਅਦ ਮਲਿੰਗਾ ਨੇ ਖੇਡ ਮੰਤਰੀ ਦੇ ਕ੍ਰਿਕਟ ਗਿਆਨ ਦਾ ਖੁਲ੍ਹੇਆਮ ਮਜ਼ਾਕ ਉਡਾਇਆ ਸੀ ਅਤੇ ਕਿਹਾ ਸੀ ਕਿ ਕਿਸੇ ਵੀ ਮੈਚ 'ਚ ਕੈਚ ਛੁੱਟ ਸਕਦੇ ਹਨ। ਉਨ੍ਹਾਂ ਕਿਹਾ ਕਿ ਜਦੋਂ ਸ਼੍ਰੀਲੰਕਾ ਨੇ ਲੀਗ ਪੜਾਅ 'ਚ ਭਾਰਤ ਨੂੰ ਹਰਾਇਆ ਸੀ ਤਾਂ ਕਿਸੇ ਨੇ ਵੀ ਫਿੱਟਨੈਸ ਦਾ ਮਸਲਾ ਨਹੀਂ ਉਠਾਇਆ ਸੀ।