ਓਡੁਨਾਓ ਨੂੰ ਸੁਪਨੇ ''ਚ ਦਿਖਾਈ ਦਿੰਦੀ ਹੈ ਪੂਜਾ

04/05/2018 1:05:11 AM

ਨਵੀਂ ਦਿੱਲੀ- ਨਾਈਜੀਰੀਆ ਦੀਆਂ 2 ਮਹਿਲਾ ਪਹਿਲਵਾਨਾਂ ਨੂੰ ਇਸ ਵਾਰ ਗੋਲਡ ਕੋਸਟ ਰਾਸ਼ਟਰਮੰਡਲ ਖੇਡਾਂ ਵਿਚ 2 ਭਾਰਤੀ ਮਹਿਲਾ ਪਹਿਲਵਾਨਾਂ ਨਾਲ ਪਿਛਲੀ ਹਾਰ ਦਾ ਹਿਸਾਬ ਬਰਾਬਰ ਕਰਨ ਦਾ ਬੇਸਬਰੀ ਨਾਲ ਇੰਤਜ਼ਾਰ ਹੈ। ਮਹਿਲਾਵਾਂ ਦੇ 57 ਕਿਲੋ ਭਾਰ ਵਰਗ 'ਚ ਓਡੁਨਾਓ ਫੋਲਾਸਾਡੇ ਪੂਜਾ ਢਾਂਡਾ ਨਾਲ ਅਤੇ 68 ਕਿਲੋ 'ਚ ਬਲੈਸਿੰਗ ਓਬੋਰੂਡੂਡੂ ਦਿਵਿਆ ਕਾਕਰਾਨ ਨਾਲ ਮੁਕਾਬਲੇ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੀਆਂ ਹਨ। ਨਾਈਜੀਰੀਆ ਦੀਆਂ ਇਨ੍ਹਾਂ 2 ਚੋਟੀ ਦੀਆਂ ਖਿਡਾਰਨਾਂ ਨੂੰ ਇਨ੍ਹਾਂ ਦੋਵਾਂ ਭਾਰਤੀ ਮਹਿਲਾ ਪਹਿਲਵਾਨਾਂ ਨੇ ਹਾਲ ਹੀ 'ਚ ਹਰਾਇਆ ਹੈ। ਓਡੁਨਾਓ ਨੂੰ ਪਿਛਲੇ ਦਿਨੀਂ ਪੀ. ਡਬਲਯੂ. ਐੱਲ. ਵਿਚ ਪੂਜਾ ਢਾਂਡਾ ਹੱਥੋਂ ਉਲਟਫੇਰ ਦਾ ਸ਼ਿਕਾਰ ਹੋਣਾ ਪਿਆ ਸੀ। ਇਸ ਜਿੱਤ ਦੀ ਮਦਦ ਨਾਲ ਪੰਜਾਬ ਰਾਇਲਜ਼ ਨੇ ਮੁੰਬਈ ਮਹਾਰਥੀ ਨੂੰ ਹਰਾਇਆ ਸੀ। ਓਡੁਨਾਓ ਦਾ ਕਹਿਣਾ ਹੈ ਕਿ ਕਈ ਵਾਰ ਉਸ ਨੂੰ ਸੁਪਨੇ ਵਿਚ ਪੂਜਾ ਦਿਖਾਈ ਦਿੰਦੀ ਹੈ। ਹਰ ਸੁਪਨੇ 'ਚ ਉਹ ਪੂਜਾ ਦੀ ਧੁਨਾਈ ਕਰਦੀ ਦਿਖਾਈ ਦਿੰਦੀ ਹੈ। ਇਸ ਤਰ੍ਹਾਂ ਦਾ ਹੀ ਕੁਝ ਉਹ ਇਨ੍ਹਾਂ ਖੇਡਾਂ 'ਚ ਕਰਨਾ ਚਾਹੁੰਦੀ ਹੈ।