NZ vs SL : ਲਾਥਮ ਤੇ ਵਾਟਲਿੰਗ ਦੇ ਸੈਂਕੜਿਆਂ ਨਾਲ ਜਿੱਤਿਆ ਨਿਊਜ਼ੀਲੈਂਡ

08/26/2019 9:14:03 PM

ਕੋਲੰਬੋ— ਓਪਨਰ ਟਾਮ ਲਾਥਮ ਦੀ 154 ਦੌੜਾਂ ਦੀ ਜ਼ਬਰਦਸਤ ਪਾਰੀ ਤੇ ਵਿਕਟਕੀਪਰ ਬੀ. ਜੇ. ਵਾਟਲਿੰਗ ਦੀ ਅਜੇਤੂ 105 ਦੌੜਾਂ ਦੀ ਸੈਂਕੜੇ ਵਾਲੀ ਪਾਰੀ ਅਤੇ ਗੇਂਦਬਾਜ਼ਾਂ ਦੇ ਹਮਲਾਵਰ ਪ੍ਰਦਰਸ਼ਨ ਦੀ ਬਦੌਲਤ ਨਿਊਜ਼ੀਲੈਂਡ ਨੇ ਸ਼੍ਰੀਲੰਕਾ ਵਿਰੁੱਧ ਦੂਜੇ ਕ੍ਰਿਕਟ ਟੈਸਟ ਦੇ 5ਵੇਂ ਦਿਨ ਸੋਮਵਾਰ ਸ਼੍ਰੀਲੰਕਾ ਨੂੰ ਪਾਰੀ ਅਤੇ 65 ਦੌੜਾਂ ਨਾਲ ਹਰਾ ਕੇ ਦੋ ਟੈਸਟ ਮੈਚਾਂ ਦੀ ਸੀਰੀਜ਼ 1-1 ਨਾਲ ਬਰਾਬਰ ਕਰ ਲਈ। ਨਿਊਜ਼ੀਲੈਂਡ ਨੇ ਲਾਥਮ ਦੀਆਂ 251 ਗੇਂਦਾਂ ’ਤੇ 15 ਚੌਕਿਆਂ ਦੀ ਮਦਦ ਨਾਲ 154 ਦੌੜਾਂ, ਵਾਟਲਿੰਗ ਦੀਆਂ ਅਜੇਤੂ 105 ਦੌੜਾਂ ਤੇ ਗ੍ਰੈਂਡਹੋਮ ਦੀਆਂ 83 ਦੌੜਾਂ ਦੀ ਬਦੌਲਤ ਪਹਿਲੀ ਪਾਰੀ ਵਿਚ 6 ਵਿਕਟਾਂ ’ਤੇ 431 ਦੌੜਾਂ ਬਣਾ ਕੇ ਪਾਰੀ ਖਤਮ ਐਲਾਨ ਕਰ ਦਿੱਤੀ ਤੇ 187 ਦੌੜਾਂ ਦੀ ਵੱਡੀ ਬੜ੍ਹਤ ਹਾਸਲ ਕਰ ਲਈ।


ਮੈਚ ਦੇ ਆਖਰੀ ਦਿਨ ਸ਼੍ਰੀਲੰਕਾ ਦੀ ਟੀਮ ਆਪਣੀ ਦੂਜੀ ਪਾਰੀ ਵਿਚ ਪੂਰੀ ਤਰ੍ਹਾਂ ਢਹਿ-ਢੇਰੀ ਹੋ ਗਈ। ਉਸਦੀਆਂ 5 ਵਿਕਟਾਂ ਸਿਰਫ 32 ਦੌੜਾਂ ’ਤੇ ਡਿੱਗ ਗਈਆਂ ਤੇ ਫਿਰ ਪੂਰੀ ਟੀਮ 122 ਦੌੜਾਂ ’ਤੇ ਢੇਰ ਹੋ ਗਈ। ਨਿਊਜ਼ੀਲੈਂਡ ਤੇ ਸ਼੍ਰੀਲੰਕਾ ਨੂੰ ਇਕ-ਇਕ ਮੈਚ ਜਿੱਤ ਕੇ ਆਈ. ਸੀ. ਸੀ. ਵਿਸ਼ਵ ਟੈਸਟ ਚੈਂਪੀਅਨਸ਼ਿਪ ਵਿਚ 60-60 ਅੰਕ ਮਿਲੇ। ਆਈ. ਸੀ. ਸੀ. ਟੈਸਟ ਚੈਂਪੀਅਨਸ਼ਿਪ ਦੇ ਤਹਿਤ ਦੋ ਟੈਸਟਾਂ ਦੀ ਸੀਰੀਜ਼ ਵਿਚ ਇਕ ਟੈਸਟ ਵਿਚ ਜਿੱਤ ਤੋਂ 60 ਅੰਕ ਮਿਲਦੇ ਹਨ।

Gurdeep Singh

This news is Content Editor Gurdeep Singh