NZ v PAK : ਵਿਲੀਅਮਸਨ ਦੀ ਬਦੌਲਤ ਨਿਊਜ਼ੀਲੈਂਡ ਮਜ਼ਬੂਤ ਸਿਥਤੀ ''ਚ

01/04/2021 8:27:05 PM

ਕ੍ਰਾਈਸਟਚਰਚ– ਵਿਸ਼ਵ ਦੇ ਨੰਬਰ ਇਕ ਬੱਲੇਬਾਜ਼ ਤੇ ਕਪਤਾਨ ਕੇਨ ਵਿਲੀਅਮਸਨ (ਅਜੇਤੂ 112) ਦੇ ਲਗਾਤਾਰ ਦੂਜੇ ਸੈਂਕੜੇ ਅਤੇ ਮੱਧਕ੍ਰਮ ਦੇ ਬੱਲੇਬਾਜ਼ ਹੈਨਰੀ ਨਿਕੋਲਸ (ਅਜੇਤੂ 89) ਦੀ ਸ਼ਾਨਦਾਰ ਪਾਰੀ ਨਾਲ ਨਿਊਜ਼ੀਲੈਂਡ ਨੇ ਪਾਕਿਸਤਾਨ ਵਿਰੁੱਧ ਦੂਜੇ ਤੇ ਆਖਰੀ ਕ੍ਰਿਕਟ ਟੈਸਟ ਦੇ ਦੂਜੇ ਦਿਨ ਸੋਮਵਾਰ ਨੂੰ ਪਹਿਲੀ ਪਾਰੀ ਵਿਚ 3 ਵਿਕਟਾਂ ’ਤੇ 286 ਦੌੜਾਂ ਬਣਾ ਕੇ ਆਪਣੀ ਸਥਿਤੀ ਮਜ਼ਬੂਤ ਕਰ ਲਈ। ਨਿਊਜ਼ੀਲੈਂਡ ਅਜੇ ਪਹਿਲੀ ਪਾਰੀ ਵਿਚ 11 ਦੌੜਾਂ ਨਾਲ ਪਿੱਛੇ ਹੈ। ਪਾਕਿਸਤਾਨ ਦੀ ਪਹਿਲੀ ਪਾਰੀ 297 ਦੌੜਾਂ ’ਤੇ ਢੇਰ ਹੋ ਗਈ ਸੀ।


ਨਿਊਜ਼ੀਲੈਂਡ ਦੇ ਕਪਤਾਨ ਵਿਲੀਅਮਸਨ ਨੇ ਸੀਰੀਜ਼ ਵਿਚ ਲਗਾਤਾਰ ਦੂਜਾ ਸੈਂਕੜਾ ਬਣਾਇਆ ਹੈ। ਇਸ ਤੋਂ ਪਹਿਲਾਂ ਉਸ ਨੇ ਮਾਊਂਟ ਮੌਂਗਾਨੂਈ ਵਿਚ ਪਹਿਲੇ ਟੈਸਟ ਵਿਚ 129 ਦੌੜਾਂ ਬਣਾਈਆਂ ਸਨ। ਕੀਵੀ ਕਪਤਾਨ ਨੇ ਇਸ ਸੈਸ਼ਨ ਵਿਚ ਜਿੰਨੇ ਟੈਸਟ ਖੇਡੇ ਹਨ, ਉਨ੍ਹਾਂ ਸਾਰਿਆਂ ਵਿਚ ਸੈਂਕੜਾ ਬਣਾਇਆ ਹੈ। ਉਸ ਨੇ ਇਸ ਸੈਸ਼ਨ ਵਿਚ 251, 129 ਤੇ ਅਜੇਤੂ 112 ਦੌੜਾਂ ਬਣਾਈਆਂ। ਪਹਿਲੇ ਟੈਸਟ ਦੇ ਸੈਂਕੜੇ ਤੋਂ ਬਾਅਦ ਵਿਲੀਅਮਸਨ ਭਾਰਤ ਦੇ ਵਿਰਾਟ ਕੋਹਲੀ ਤੇ ਆਸਟਰੇਲੀਆ ਦੇ ਸਟੀਵ ਸਮਿਥ ਨੂੰ ਪਛਾੜ ਕੇ ਆਈ. ਸੀ. ਸੀ. ਟੈਸਟ ਰੈਂਕਿੰਗ ਵਿਚ ਨੰਬਰ ਇਕ ਬੱਲੇਬਾਜ਼ ਬਣ ਗਿਆ ਹੈ।
ਸਟੰਪਸ ਤਕ ਵਿਲੀਅਮਸਨ 175 ਗੇਂਦਾਂ ਵਿਚ 16 ਚੌਕਿਆਂ ਦੀ ਮਦਦ ਨਾਲ 112 ਤੇ ਨਿਕੋਲਸ 186 ਗੇਂਦਾਂ ਵਿਚ 8 ਚੌਕਿਆਂ ਦੇ ਸਹਾਰੇ 89 ਦੌੜਾਂ ਬਣਾ ਕੇ ਕ੍ਰੀਜ਼ ’ਤੇ ਹੈ। ਉਨ੍ਹਾਂ ਨੇ ਆਪਣੀ ਟੀਮ ਨੂੰ 3 ਵਿਕਟਾਂ ’ਤੇ 71 ਦੌੜਾਂ ਦਾ ਨਾਜ਼ੁਕ ਸਥਿਤੀ ਤੋਂ ਉਭਾਰਿਆ। ਦੋਵਾਂ ਬੱਲੇਬਾਜ਼ਾਂ ਵਿਚਾਲੇ ਚੌਥੀ ਵਿਕਟ ਲਈ ਹੁਣ ਤਕ 215 ਦੌੜਾਂ ਦੀ ਮਜ਼ਬੂਤ ਅਜੇਤੂ ਸਾਂਝੇਦਾਰੀ ਹੋ ਚੁੱਕੀ ਹੈ। ਨਿਊਜ਼ੀਲੈਂਡ ਦੀ ਪਾਕਿਸਤਾਨ ਵਿਰੁੱਧ ਚੌਥੀ ਵਿਕਟ ਲਈ ਇਹ ਸਰਵਸ੍ਰੇਸ਼ਠ ਸਾਂਝੇਦਾਰੀ ਹੈ।

ਨੋਟ- ਇਸ ਖਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ।

Gurdeep Singh

This news is Content Editor Gurdeep Singh