ਹੁਣ ਸ਼ਾਕਿਬ ਹੋਵੇਗਾ ਬੰਗਲਾਦੇਸ਼ ਦਾ ਟੈਸਟ ਕਪਤਾਨ

12/12/2017 3:28:48 AM

ਢਾਕਾ— ਦੁਨੀਆ ਦੇ ਨੰਬਰ ਇਕ ਆਲਰਾਊਂਡਰ ਸ਼ਾਕਿਬ ਅਲ ਹਸਨ ਨੂੰ ਸ਼੍ਰੀਲੰਕਾ ਵਿਰੁੱਧ ਜਨਵਰੀ 'ਚ ਹੋਣ ਵਾਲੀ ਦੋ ਮੈਚਾਂ ਦੀ ਟੈਸਟ ਸੀਰੀਜ਼ ਤੋਂ ਠੀਕ ਪਹਿਲਾਂ ਬੰਗਲਾਦੇਸ਼ ਦੀ ਟੈਸਟ ਕ੍ਰਿਕਟ ਟੀਮ ਦਾ ਨਵਾਂ ਕਪਤਾਨ ਬਣਾਇਆ ਗਿਆ ਹੈ। ਉਹ ਮੁਸ਼ਫਿਕਰ ਰਹੀਮ ਦੀ ਜਗ੍ਹਾ ਲਵੇਗਾ।
ਬੰਗਲਾਦੇਸ਼ ਕ੍ਰਿਕਟ ਬੋਰਡ (ਬੀ. ਸੀ. ਬੀ.) ਨੇ ਇਸ ਦੀ ਜਾਣਕਾਰੀ ਦਿੱਤੀ। ਸ਼ਾਕਿਬ ਨੇ ਇਸ ਤੋਂ ਪਹਿਲਾਂ ਸਾਲ 2009 ਤੋਂ 2011 ਤਕ 9 ਟੈਸਟਾਂ ਵਿਚ ਆਪਣੀ ਰਾਸ਼ਟਰੀ ਟੀਮ ਦੀ ਕਪਤਾਨੀ ਕੀਤੀ ਸੀ। ਇਸ ਸਾਲ ਅਕਤੂਬਰ 'ਚ ਹੀ ਦੱਖਣੀ ਅਫਰੀਕਾ ਦੌਰੇ 'ਤੇ ਉਸ ਨੂੰ ਟੀ-20 ਟੀਮ ਦਾ ਕਪਤਾਨ ਵੀ ਬਣਾਇਆ ਗਿਆ ਸੀ। ਅਫਰੀਕਾ ਦੌਰੇ 'ਚ ਮੁਸ਼ਫਿਕਰ ਦੀ ਕਪਤਾਨੀ ਵਿਚ ਦੋ ਟੈਸਟਾਂ ਦੀ ਸੀਰੀਜ਼ 'ਚ ਬੰਗਲਾਦੇਸ਼ੀ ਟੀਮ ਨੂੰ ਹਾਰ ਝੱਲਣੀ ਪਈ ਸੀ।
ਬੱਲੇਬਾਜ਼ ਤਮੀਮ ਇਕਬਾਲ ਨੂੰ ਟੀ-20 ਟੀਮ ਦਾ ਕਪਤਾਨ ਬਰਕਰਾਰ ਰੱਖਿਆ ਗਿਆ ਹੈ ਪਰ ਟੈਸਟ 'ਚ ਉਸ ਦੀ ਜਗ੍ਹਾ ਸ਼ਾਕਿਬ ਦੇ ਨਾਲ ਆਲਰਾਊਂਡਰ ਮਹਿਮੂਦਉੱਲਾ ਨੂੰ ਉਪ-ਕਪਤਾਨ ਬਣਾਇਆ ਗਿਆ ਹੈ। ਤੇਜ਼ ਗੇਂਦਬਾਜ਼ ਮਸ਼ਰਫੀ ਮੁਰਤਜ਼ਾ ਵਨ ਡੇ ਟੀਮ ਦਾ ਕਪਤਾਨ ਹੈ।