ਨਾਰਵੇ ਸ਼ਤਰੰਜ : ਆਨੰਦ ਤੋਂ ਹੋਈ ਵੱਡੀ ਭੁੱਲ, ਮਮੇਦਯਾਰੋਵ ਤੋਂ ਹਾਰੇ

06/10/2022 5:56:04 PM

ਸਟਾਵੰਗਰ, ਨਾਰਵੇ (ਨਿਕਲੇਸ਼ ਜੈਨ)- ਨਾਰਵੇ ਸ਼ਤਰੰਜ ਦੇ 10ਵੇਂ ਐਡੀਸ਼ਨ 'ਚ ਭਾਰਤ ਦੇ 5 ਵਾਰ ਦੇ ਵਿਸ਼ਵ ਚੈਂਪੀਅਨ ਵਿਸ਼ਵਨਾਥਨ ਆਨੰਦ ਨੂੰ ਅੱਠਵੇਂ ਰਾਊਂਡ 'ਚ ਅਜਰਬੈਜਾਨ ਦੇ ਸ਼ਾਖਿਰਯਾਰ ਮਮੇਦਯਾਰੋਵ ਤੋਂ ਹੈਰਾਨੀਜਨਕ ਹਾਰ ਦਾ ਸਾਹਮਣਾ ਕਰਨਾ ਪਿਆ। ਸਫੈਦ ਮੋਹਰਿਆਂ ਨਾਲ ਖੇਡ ਰਹੇ ਆਨੰਦ ਤੋਂ ਪੇਟ੍ਰੋਫ ਡਿਫੈਂਸ ਦੀ 22ਵੀਂ ਚਾਲ 'ਚ ਆਪਣੇ ਵਜ਼ੀਰ ਦੀ ਇਕ ਬੇਹੱਦ ਗ਼ਲਤ ਚਾਲ ਹੋਈ ਤੇ ਉਸ ਤੋਂ ਬਾਅਦ ਉਨ੍ਹਾਂ ਦੇ ਰਾਜੇ ਦੀ ਮਾਤ ਤੈਅ ਸੀ। ਇਸ ਲਈ ਆਨੰਦ ਨੇ ਤੁਰੰਤ ਹੀ ਹਾਰ ਸਵੀਕਾਰ ਕਰ ਲਈ ।

ਇਸ ਹਾਰ ਨਾਲ ਆਨੰਦ 13 ਅੰਕਾਂ 'ਤੇ ਹੀ ਰਹਿ ਗਏ ਤੇ ਤੀਜੇ ਸਥਾਨ 'ਤੇ ਖ਼ਿਸਕ ਗਏ ਜਦਕਿ 14.5 ਅੰਕਾਂ ਦੇ ਨਾਲ ਮਮੇਦਯਾਰੋਵ ਦੂਜੇ ਸਥਾਨ 'ਤੇ ਪੁੱਜ ਗਏ। ਨੀਦਰਲੈਂਡ ਦੇ ਅਨੀਸ਼ ਗਿਰੀ ਸਿੱਧੀ ਜਿੱਤ ਦਰਜ ਕਰਨ ਵਾਲੇ ਦੂਜੇ ਖਿਡਾਰੀ ਰਹੇ। ਉਨ੍ਹਾਂ ਨੇ ਨਾਰਵੇ ਦੇ ਆਰਯਨ ਤਾਰੀ ਨੂੰ ਹਰਾਇਆ ਜਦਕਿ ਮੈਗਨਸ ਕਾਰਲਸਨ ਨੇ ਫਰਾਂਸ ਦੇ ਮਕਸੀਮ ਲਾਗਰੇਵ ਨੂੰ, ਅਜਰਬੈਜਾਨ ਦੇ ਤੈਮੂਰ ਰਦਜਾਬੋਵ ਨੇ ਚੀਨ ਦੇ ਵਾਂਗ ਹਾਊ ਨੂੰ ਤੇ ਯੂ. ਐੱਸ. ਏ. ਦੇ ਵੇਸਲੀ ਸੋ ਨੇ ਬੁਲਗਾਰੀਆ ਦੇ ਵੇਸੇਲੀਨ ਟੋਪਾਲੋਵ ਨੂੰ ਟਾਈਬ੍ਰੇਕ 'ਚ ਹਰਾਇਆ। ਆਖ਼ਰੀ ਰਾਊਂਡ ਤੋਂ ਪਹਿਲਾਂ ਅਜੇ ਵੀ ਵਿਸ਼ਵ ਚੈਂਪੀਅਨ ਮੈਗਨਸ ਕਾਰਲਸਨ 15 ਅੰਕਾਂ ਦੇ ਨਾਲ ਪਹਿਲੇ ਸਥਾਨ 'ਤੇ ਬਣੇ ਹੋਏ ਹਨ। ਆਖ਼ਰੀ ਰਾਊਂਡ 'ਚ ਆਨੰਦ ਦੇ ਸਾਹਮਣੇ ਨਾਰਵੇ ਦੇ ਆਰਯਨ ਤਾਰੀ ਹੋਣਗੇ।


Tarsem Singh

Content Editor

Related News