ਨਾਰਥ ਇੰਡੀਆ ਲੀਗ : ਦਿੱਲੀ ਦੀ ਦੇਹਰਾਦੂਨ ''ਤੇ ਸ਼ਾਨਦਾਰ ਜਿੱਤ, ਕੀਤਾ ਫਾਈਨਲ ''ਚ ਪ੍ਰਵੇਸ਼

07/07/2017 7:11:07 PM

ਨਵੀਂ ਦਿੱਲੀ— ਯੋਗੇਸ਼ ਕੁਮਾਰ ਦੀਆਂ ਸ਼ਾਨਦਾਰ 53 ਦੌੜਾਂ ਅਤੇ ਹੈਟ੍ਰਿਕ ਸਮੇਤ ਚਾਰ ਵਿਕਟਾਂ ਦੀ ਬਦੌਲਤ ਦਿੱਲੀ ਕਿੰਗਜ਼ ਨੇ ਦੇਹਰਾਦੂਨ ਡੇਵਿਲਸ ਨੂੰ 30 ਦੌੜਾਂ ਨਾਲ ਹਰਾ ਕੇ ਪਹਿਲੀ ਨਾਰਥ ਇੰਡੀਆ ਚੈਂਪੀਅਨਸ ਲੀਗ ਦੇ ਫਾਈਨਲ 'ਚ ਪ੍ਰਵੇਸ਼ ਕਰ ਲਿਆ ਹੈ। ਗ੍ਰੇਟਰ ਨੋਇਡਾ ਦੇ ਸ਼ਹੀਦ ਵਿਜੇ ਸਿੰਘ ਪਥਿਕ ਸਟੇਡੀਅਮ 'ਚ ਖੇਡੇ ਜਾ ਰਹੇ ਇਸ ਟੀ-20 ਕ੍ਰਿਕਟ ਟੂਰਨਾਮੈਂਟ 'ਚ ਯੋਗੇਸ਼ ਨੇ ਜ਼ਬਰਦਸਤ ਹਰਫਨਮੌਲਾ ਖੇਡ ਦਾ ਪ੍ਰਦਰਸ਼ਨ ਕੀਤਾ ਅਤੇ ਦਿੱਲੀ ਕਿੰਗਜ਼ ਨੂੰ ਜਿੱਤ ਦਿਲਾਉਣ ਦੇ ਨਾਲ ਉਹ ਮੈਨ ਆਫ ਦਿ ਮੈਚ ਵੀ ਬਣ ਗਿਆ।
ਦਿੱਲੀ ਕਿੰਗਜ਼ ਦੇ ਕਪਤਾਨ ਪ੍ਰਦੀਪ ਪਰਾਸ਼ਰ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ। ਦਿੱਲੀ ਕਿੰਗਜ਼ ਨੇ 20 ਓਵਰਾਂ 'ਚ 9 ਵਿਕਟਾਂ 'ਤੇ 194 ਦੌੜਾਂ ਦਾ ਮਜ਼ਬੂਤ ਸਕੋਰ ਬਣਾਇਆ। ਯੋਗੇਸ਼ ਕੁਮਾਰ ਨੇ 53, ਹਰਿਆਣਾ ਦੇ ਸਾਬਕਾ ਰਣਜੀ ਖਿਡਾਰੀ ਸੋਨੂੰ ਰਾਠੀ ਨੇ 31 ਦੌੜਾਂ ਬਣਾਈਆਂ। ਰਵੀ ਗੁਪਤਾ ਨੇ 27 ਦੌੜਾਂ 'ਤੇ 3 ਵਿਕਟਾਂ ਅਤੇ ਦੁਸ਼ਅੰਤ ਸ਼ਰਮਾ ਨੇ 3 ਦੌੜਾਂ 'ਤੇ 2 ਵਿਕਟਾਂ ਹਾਸਲ ਕੀਤੀਆਂ।
ਦੇਹਰਾਦੂਨ ਡੇਵਿਲਸ ਦੀ ਟੀਮ ਇਸ ਦੇ ਜਵਾਬ 'ਚ 18.4 ਓਵਰ 'ਚ 164 ਦੌੜਾਂ 'ਤੇ ਸਿਮਟ ਗਈ। ਦਿਨੇਸ਼ ਡੋਗਰਾ ਨੇ 57, ਸਚਿਨ ਸਿੰਘ ਨੇ 33 ਅਤੇ ਦੁਸ਼ਅੰਤ ਸ਼ਰਮਾ ਨੇ 28 ਦੌੜਾਂ ਬਣਾਈਆਂ। ਯੋਗੇਸ਼ ਕੁਮਾਰ ਨੇ ਹੈਟ੍ਰਿਕ ਸਮੇਤ 20 ਦੌੜਾਂ ਦੇ ਕੇ ਚਾਰ ਵਿਕਟਾਂ ਹਾਸਲ ਕੀਤੀਆਂ, ਜਦਕਿ ਪ੍ਰਦੀਪ ਪਰਾਸ਼ਰ ਨੇ 20 ਦੌੜਾਂ 'ਤੇ 2 ਵਿਕਟਾਂ ਲਈਆਂ।