ਕੋਈ ਵੀ ਪਹਿਲਵਾਨ ਮੇਰੇ ਨਾਲ ਲੜਨ ਲਈ ਤਿਆਰ ਹੀ ਨਹੀਂ ਸੀ, ਤਾਂ ਮੈਂ ਕੀ ਕਰ ਸਕਦਾ ਸੀ : ਸੁਸ਼ੀਲ

11/19/2017 1:17:59 PM

ਨਵੀਂ ਦਿੱਲੀ (ਬਿਊਰੋ)— ਰਾਸ਼ਟਰੀ ਕੁਸ਼ਤੀ ਚੈਂਪੀਅਨਸ਼ਿਪ ਦੇ 74 ਕਿੱਲੋਗ੍ਰਾਮ ਫਰੀਸਟਾਇਲ ਵਰਗ ਦੇ ਕੁਆਰਟਰਫਾਈਨਲ, ਸੈਮੀਫਾਈਨਲ ਅਤੇ ਫਾਈਨਲ ਵਿਚ ਓਲੰਪਿਕ ਖੇਡਾਂ ਵਿਚ ਦੋ ਵਾਰ ਤਮਗਾ ਜਿੱਤਣ ਵਾਲੇ ਸੁਸ਼ੀਲ ਕੁਮਾਰ ਨੂੰ ਮਿਲੇ ਵਾਕ ਓਵਰ ਉੱਤੇ ਸਵਾਲ ਖੜ੍ਹੇ ਕੀਤੇ ਜਾ ਰਹੇ ਹਨ। ਪਰ ਤਿੰਨ ਸਾਲ ਬਾਅਦ ਮੈਟ ਉੱਤੇ ਵਾਪਸੀ ਦੇ ਬਾਅਦ ਇਸ ਮੁਕਾਬਲੇ ਵਿਚ ਸੋਨੇ ਦਾ ਤਮਗਾ ਜਿੱਤਣ ਵਾਲੇ ਦਿੱਗਜ ਖਿਡਾਰੀ ਦਾ ਕਹਿਣਾ ਹੈ ਕਿ ਤਿੰਨਾਂ ਅਹਿਮ ਮੁਕਾਬਲਿਆਂ ਵਿੱਚ ਵਿਰੋਧੀ ਪਹਿਲਵਾਨਾਂ ਦੇ ਬਿਨ੍ਹਾਂ ਲੜੇ ਪਿੱਛੇ ਹੱਟਣ ਉੱਤੇ ਉਹ ਆਪਣੀ ਜਿੱਤ ਕਬੂਲ ਕਰਨ ਦੇ ਇਲਾਵਾ ਭਲਾ ਕੀ ਕਰ ਸਕਦੇ ਸਨ।

ਪਹਿਲਾਵਨ ਕੁਸ਼ਤੀ ਲੜਨ ਲਈ ਤਿਆਰ ਹੀ ਨਹੀਂ ਸਨ
ਸੁਸ਼ੀਲ ਨੇ ਕਿਹਾ ਕਿ ਜੇਕਰ ਸਾਹਮਣੇ ਵਾਲੇ ਪਹਿਲਵਾਨ ਮੇਰੇ ਨਾਲ ਕੁਸ਼ਤੀ ਲੜਨ ਨੂੰ ਤਿਆਰ ਹੀ ਨਹੀਂ ਸਨ, ਤਾਂ ਮੈਂ ਇਸ ਹਾਲਤ ਵਿੱਚ ਕੀ ਕਰ ਸਕਦਾ ਸੀ। ਸਾਰੇ ਪਹਿਲਵਾਨ ਆਪਣੇ ਸਰਵਸ੍ਰੇਸ਼ਠ ਖਿਡਾਰੀਆਂ ਦਾ ਸਨਮਾਨ ਕਰਦੇ ਹਨ। ਪਰ ਮੈਟ ਉੱਤੇ ਮੁਕਾਬਲੇ ਦੌਰਾਨ ਸਭ ਪਹਿਲਵਾਨ ਇੱਕੋ ਵਰਗੇ ਹੁੰਦੇ ਹਨ। ਇਹ ਇਕਦਮ ਅਲੱਗ ਗੱਲ ਹੈ ਕਿ ਕੋਈ ਪਹਿਲਵਾਨ ਕਿਸੇ ਵਿਰੋਧੀ ਨਾਲ ਲੜਨਾ ਹੀ ਨਹੀਂ ਚਾਹੁੰਦਾ।

ਵਿਵਾਦ ਤਾਂ ਮੇਰੇ ਪਿੱਛੇ ਚਲਦੇ ਹੀ ਰਹਿੰਦੇ ਹਨ
ਵਿਵਾਦਾਂ ਦੇ ਸੰਬੰਧ ਵਿਚ ਉਨ੍ਹਾਂ ਨੇ ਕਿਹਾ ਕਿ ਵਿਵਾਦ ਤਾਂ ਮੇਰੇ ਪਿੱਛੇ ਚਲਦੇ ਹੀ ਰਹਿੰਦੇ ਹਨ। ਵਲਰਡ ਰੈਸਲਿੰਗ ਇੰਟਰਟੇਂਮੈਂਟ (ਡਬਲਿਊ.ਡਬਲਿਊ.ਈ.) ਵਿਚ ਡੈਬਿਊ ਦੀ ਉਨ੍ਹਾਂ ਦੀ ਫਿਲਹਾਲ ਕੋਈ ਯੋਜਨਾ ਨਹੀਂ ਹੈ। ਸੁਸ਼ੀਲ ਨੇ ਕਿਹਾ ਕਿ ਡਬਲਿਊ.ਡਬਲਿਊ.ਈ. ਵਿਚ ਕਈ ਚੀਜ਼ਾਂ ਮੇਰੇ ਸੁਭਾਵਕ ਖੇਡ ਮੁਤਾਬਕ ਨਹੀਂ ਹਨ, ਮੈਂ ਫਰੀਸਟਾਈਲ ਕੁਸ਼ਤੀ ਵਿਚ ਹੀ ਇਕ ਵਾਰ ਫਿਰ ਦੇਸ਼ ਦੀ ਅਗਵਾਈ ਕਰਨਾ ਚਾਹੁੰਦਾ ਹਾਂ।