ਭਾਰਤ 'ਚ ਸਟੋਕਸ ਨਾਲ ਕਿਸੇ ਦੀ ਤੁਲਨਾ ਨਹੀਂ ਕੀਤੀ ਜਾ ਸਕਦੀ : ਗੰਭੀਰ

07/26/2020 10:16:05 PM

ਨਵੀਂ ਦਿੱਲੀ- ਭਾਰਤ ਦੇ ਸਾਬਕਾ ਸਲਾਮੀ ਬੱਲੇਬਾਜ਼ ਗੌਤਮ ਗੰਭੀਰ ਨੇ ਦੁਨੀਆ ਦੇ ਨੰਬਰ ਇਕ ਆਲਰਾਊਂਡਰ ਇੰਗਲੈਂਡ ਦੇ ਬੇਨ ਸਟੋਕਸ ਦੀ ਸ਼ਲਾਘਾ ਕਰਦੇ ਹੋਏ ਕਿਹਾ ਹੈ ਕਿ ਮੌਜੂਦਾ ਸਮੇਂ ਵਿਚ ਉਸ ਨਾਲ ਭਾਰਤ ਵਿਚ ਕਿਸੇ ਵੀ ਕ੍ਰਿਕਟਰ ਦੀ ਤੁਲਨਾ ਨਹੀਂ ਕੀਤੀ ਜਾ ਸਕਦੀ। ਗੰਭੀਰ ਨੇ ਕਿਹਾ,''ਸਟੋਕਸ ਦਾ ਆਪਣਾ ਵੱਖਰਾ ਪੱਧਰ ਹੈ। ਉਸ ਨੇ ਟੈਸਟ, ਵਨ ਡੇ ਤੇ ਟੀ-20 ਕ੍ਰਿਕਟ ਵਿਚ ਜੋ ਕੀਤਾ ਹੈ, ਮੈਨੂੰ ਨਹੀਂ ਲੱਗਦਾ ਕਿ ਕਿਸੇ ਹੋਰ ਨੇ ਅਜਿਹਾ ਕੀਤਾ ਹੈ। ਭਾਰਤ ਨੂੰ ਛੱਡ ਦਿਓ, ਮੌਜੂਦਾ ਸਮੇਂ ਵਿਚ ਵਿਸ਼ਵ ਕ੍ਰਿਕਟ ਵਿਚ ਵੀ ਕੋਈ ਅਜਿਹਾ ਖਿਡਾਰੀ ਨਹੀਂ ਹੈ, ਜਿਹੜਾ ਉਸਦੇ ਨੇੜੇ-ਤੇੜੇ ਵੀ ਹੋਵੇ।''


ਉਸ ਨੇ ਕਿਹਾ,''ਹਰੇਕ ਕਪਤਾਨ ਦਾ ਇਹ ਸੁਪਨਾ ਹੁੰਦਾ ਹੈ ਕਿ ਸਟੋਕਸ ਵਰਗਾ ਖਿਡਾਰੀ ਉਸਦੀ ਟੀਮ ਵਿਚ ਹੋਵੇ, ਭਾਵੇਂ ਬੱਲੇਬਾਜ਼ੀ ਹੋਵੇ, ਗੇਂਦਬਾਜ਼ੀ ਹੋਵੇ ਜਾਂ ਫੀਲਡਿੰਗ, ਉਹ (ਸਟੋਕਸ) ਹਰ ਖੇਤਰ ਵਿਚ ਲੀਡਰ ਹੈ। ਤੁਹਾਨੂੰ ਅਸਲ ਵਿਚ ਇਕ ਲੀਡਰ ਹੋਣ ਲਈ ਇਕ ਲੀਡਰ ਬੁਲਾਏ ਜਾਣ ਦੀ ਲੋੜ ਨਹੀਂ ਹੈ। ਤੁਹਾਨੂੰ ਕਪਤਾਨ ਹੋਣ ਲਈ ਕਪਤਾਨ ਅਖਵਾਉਣ ਦੀ ਲੋੜ ਨਹੀਂ ਹੈ। ਤੁਸੀਂ ਆਪਣੇ ਪ੍ਰਦਰਸ਼ਨ ਨਾਲ ਵੀ ਇਕ ਲੀਡਰ ਬਣ ਸਕਦੇ ਹੋ। ਮੇਰਾ ਮੰਨਣਾ ਹੈ ਕਿ ਅਜਿਹੇ ਬਹੁਤ ਸਾਰੇ ਖਿਡਾਰੀ ਰਹੇ ਹੋਣਗੇ, ਜਿਹੜੇ ਸਟੋਕਸ ਵਰਗਾ ਬਣਨਾ ਚਾਹੁਣਗੇ ਪਰ ਬਦਕਿਸਮਤੀ ਨਾਲ ਵਿਸ਼ਵ ਕ੍ਰਿਕਟ ਵਿਚ ਉਸਦੇ ਵਰਗਾ ਇਸ ਸਮੇਂ ਕੋਈ ਨਹੀਂ ਹੈ।''

Gurdeep Singh

This news is Content Editor Gurdeep Singh