ਰੇਕੇਵੇਕ ਓਪਨ ਸ਼ਤਰੰਜ : ਨਿਹਾਲ ਨੇ ਰਿਚਰਡ ਨੂੰ ਡਰਾਅ ''ਤੇ ਰੋਕਿਆ, ਵੈਭਵ ਸਾਂਝੀ ਬੜ੍ਹਤ ''ਤੇ

03/09/2018 9:30:16 AM

ਰੇਕੇਵੇਕ (ਆਈਲੈਂਡ), (ਨਿਕਲੇਸ਼ ਜੈਨ)— ਸਾਬਕਾ ਵਿਸ਼ਵ ਚੈਂਪੀਅਨ ਅਮਰੀਕਨ ਗ੍ਰੈਂਡ ਮਾਸਟਰ ਬਾਬੀ ਫਿਸਰ ਦੀ ਯਾਦ ਵਿਚ ਆਯੋਜਿਤ ਹੋਣ ਵਾਲੇ ਪ੍ਰਸਿੱਧ ਗ੍ਰੈਂਡ ਮਾਸਟਰ ਰੇਕੇਵੇਕ ਓਪਨ ਸ਼ਤਰੰਜ ਟੂਰਨਾਮੈਂਟ ਵਿਚ ਪਹਿਲੇ 3 ਰਾਊਂਡ ਵਿਚ ਨੰਨ੍ਹੇ ਪ੍ਰਗਿਆਨੰਦਾ ਤੇ ਨਿਹਾਲ ਨੇ ਸ਼ਾਨਦਾਰ ਸ਼ੁਰੂਆਤ ਕੀਤੀ । ਵੈਭਵ ਸੂਰੀ ਨੇ ਆਪਣੇ ਪਹਿਲੇ 3 ਮੈਚ ਜਿੱਤ ਕੇ ਸਾਂਝੀ ਬੜ੍ਹਤ ਹਾਸਲ ਕਰ ਲਈ ਹੈ। ਪਹਿਲੇ ਟੇਬਲ 'ਤੇ ਖੇਡ ਰਹੇ ਨਿਹਾਲ ਦਾ ਟਾਪ ਸੀਡ ਰਿਚਰਡ ਰਾਪੋਰਟ ਨਾਲ ਚੰਗਾ ਮੁਕਾਬਲਾ ਹੋਇਆ। ਸੈਮੀ ਸਲਾਵ ਵੈਰੀਏਸ਼ਨ ਵਿਚ ਹੋਏ ਇਸ ਮੈਚ ਵਿਚ ਰਿਚਰਡ ਨੇ ਨਿਹਾਲ ਉਪਰ ਦਬਾਅ ਬਣਾਉਣ ਦੀ ਪੂਰੀ ਕੋਸ਼ਿਸ਼ ਕੀਤੀ ਪਰ ਨਿਹਾਲ ਸਮੇਂ 'ਤੇ ਮੋਹਰਿਆਂ ਦੀ ਅਦਲਾ-ਬਦਲੀ ਕਰਨ ਵਿਚ ਕਾਮਯਾਬ  ਰਿਹਾ ਤੇ ਟਾਪ ਸੀਡ ਨੂੰ ਡਰਾਅ ਖੇਡਣ 'ਤੇ ਮਜਬੂਰ ਹੋਣਾ ਪਿਆ। 
ਪ੍ਰਗਿਆਨੰਦਾ ਨੇ 8ਵੀਂ ਸੀਡ ਫਰਾਂਸ ਦੇ ਗ੍ਰਾਂਡ ਮਾਸਟਰ ਕਾਰਨੇਟ ਮੈਥਿਊ ਨਾਲ ਡਰਾਅ ਖੇਡਿਆ। ਇਕ ਸਮੇਂ ਕਾਰਨੇਟ ਚੰਗੀ ਸਥਿਤੀ ਵਿਚ ਹੋਣ ਦੇ ਬਾਵਜੂਦ ਇਸਦਾ ਫਾਇਦਾ ਨਹੀਂ ਚੁੱਕ ਸਕਿਆ ਤੇ ਪ੍ਰਗਿਆਨੰਦਾ ਨੇ ਸਹੀ ਸਮੇਂ ਵਿਚ ਵਜ਼ੀਰ ਨੂੰ ਖੇਡ ਤੋਂ ਬਾਹਰ ਕਰਦੇ ਹੋਏ ਖੇਡ ਨੂੰ ਡਰਾਅ ਕਰ ਲਿਆ। 
ਭਾਰਤ ਦੀ ਪ੍ਰਮੁੱਖ ਉਮੀਦ ਅਧਿਬਨ ਭਾਸਕਰਨ 3 ਵਿਚੋਂ ਹੁਣ ਤਕ 2 ਡਰਾਅ ਖੇਡ ਚੁੱਕਾ ਹੈ ਤੇ ਆਖਰੀ ਡਰਾਅ ਉਸ ਨੇ ਭਾਰਤੀ ਗ੍ਰੈਂਡ ਮਾਸਟਰ ਐੱਮ. ਕਿਦਾਂਬੀ ਨਾਲ ਖੇਡਿਆ।  ਕਿਦਾਂਬੀ ਨੇ ਦੂਜੇ ਰਾਊਂਡ ਵਿਚ ਪਾਵੇਲ ਐਲਜਨੋਵ ਤੇ ਤੀਜੇ ਰਾਊਂਡ ਵਿਚ ਅਧਿਬਨ ਨੂੰ ਡਰਾਅ 'ਤੇ ਰੋਕ ਕੇ ਚੰਗੀ ਸ਼ੁਰੂਆਤ ਕੀਤੀ।
ਭਾਰਤ ਦਾ ਵੈਭਵ ਸੂਰੀ ਹੁਣ 3 ਮੈਚ ਜਿੱਤ ਕੇ ਸਾਂਝੀ ਬੜ੍ਹਤ 'ਤੇ ਆ ਗਿਆ ਹੈ। ਉਸ ਨੇ ਪਹਿਲੇ 3 ਰਾਊਂਡ ਵਿਚ ਕ੍ਰਮਵਾਰ ਆਈਲੈਂਡ ਦੇ ਜੋਹਨਸਨ, ਫਰਾਂਸ ਦੇ ਸੇਬਾਸਟੀਅਨ ਤੇ ਬਰਥੋਲੋਮੋਵ ਨੂੰ ਹਰਾਇਆ।