ਬੈਲਨ ਡੀ ਓਰ ਦੀ ਦੌੜ ''ਚੋਂ ਨੇਮਾਰ ਹੋਇਆ ਬਾਹਰ

10/22/2019 7:17:09 PM

ਪੈਰਿਸ— ਸਾਲ ਦੇ ਸਰਵਸ੍ਰੇਸ਼ਟ ਫੁੱਟਬਾਲਰਾਂ ਨੂੰ ਦਿੱਤੇ ਜਾਣ ਵਾਲੇ ਵੱਕਾਰੀ ਬੈਲਨ ਡੀ ਓਰ ਐਵਾਰਡਾਂ ਦੀ ਦੌੜ ਵਿਚੋਂ ਇਸ ਵਾਰ ਦੁਨੀਆ ਦਾ ਸਭ ਤੋਂ ਮਹਿੰਗਾ ਖਿਡਾਰੀ ਨੇਮਾਰ ਜਗ੍ਹਾ ਬਣਾਉਣ ਤੋਂ ਖੁੰਝ ਗਿਆ ਹੈ ਜਦਕਿ ਮਹਿਲਾਵਾਂ ਵਿਚ ਮੇਗਨ ਰੈਪੀਨੋਏ ਖਿਤਾਬ ਦੀ ਪ੍ਰਮੁੱਖ ਦਾਅਵਾਰ ਹੈ। ਫਰਾਂਸ ਫੁੱਟਬਾਲ ਨੇ ਚਾਰ ਵਰਗਾਂ ਵਿਚ ਆਪਣੇ ਨਾਮਜ਼ਦ ਖਿਡਾਰੀਆਂ ਦੀ ਸੂਚੀ ਜਾਰੀ ਕੀਤੀ। ਕ੍ਰੋਏਸ਼ੀਆ ਨੂੰ ਵਿਸ਼ਵ ਕੱਪ ਫਾਈਨਲ ਵਿਚ ਪਹੁੰਚਾਉਣ ਵਿਚ ਅਹਿਮ ਭੂਮਿਕਾ ਨਿਭਾਉਣ ਵਾਲਾ ਲੁਕਾ ਮੋਡਰਿਚ ਤੇ ਸਾਲ 2017 ਵਿਚ 22.2 ਕਰੋੜ ਯੂਰੋ ਦੀ ਰਾਸ਼ੀ ਵਿਚ ਪੈਰਿਸ ਸੇਂਟ ਜਰਮਨ ਦਾ ਹਿੱਸਾ ਬਣਿਆ ਬ੍ਰਾਜ਼ੀਲੀ ਫੁੱਟਬਾਲਰ ਨੇਮਾਰ ਇਸ ਵਾਰ ਬੈਲਨ ਡੀ ਓਰ ਐਵਾਰਡਾਂ  ਦੀ 30 ਪੁਰਸ਼ ਉਮੀਦਵਾਰਾਂ ਦੀ  ਸੂਚੀ ਵਿਚੋਂ ਬਾਹਰ ਹੈ।

ਸੱਟਾਂ, ਪਾਬੰਦੀ ਤੇ ਕਈ ਤਰ੍ਹਾਂ ਦੇ ਵਿਵਾਦਾਂ ਨਾਲ ਜੂਝ ਰਹੇ ਨੇਮਾਰ ਨੂੰ ਇਸ ਵਾਰ ਖਾਮਿਆਜ਼ਾ ਭੁਗਤਣਾ ਪਿਆ ਹੈ। ਹਾਲਾਂਕਿ ਹਾਲ ਹੀ ਵਿਚ ਫੀਫਾ ਦੇ ਸਰਵਸ੍ਰੇਸ਼ਠ ਖਿਡਾਰੀ ਬਣੇ ਲਿਓਨਿਲ ਮੇਸੀ ਤੇ ਕ੍ਰਿਸਟਿਆਨੋ ਰੋਨਾਲਡੋ ਦੇ ਨਾਂ ਸੂਚੀ ਵਿਚ ਸ਼ਾਮਲ ਹਨ। ਉਥੇ ਹੀ ਮਹਿਲਾ ਵਿਸ਼ਵ ਕੱਪ ਦੀ ਸਰਵਸ੍ਰੇਸ਼ਠ ਖਿਡਾਰੀ ਰਹੀ ਰੈਪੀਨੋਏ ਮਹਿਲਾਵਾਂ ਦੇ ਵਰਗ ਵਿਚ ਐਵਾਰਡ ਹਾਸਲ ਕਰਨ ਵਾਲਿਆਂ ਦੀ ਸੂਚੀ ਵਿਚ ਸਭ ਤੋਂ ਅੱਗੇ ਹੈ। ਉਹ ਟੂਰਨਾਮੈਂਟ ਦੀ ਸਾਂਝੀ ਟਾਪ ਸਕੋਰਰ ਰਹੀ ਸੀ ਤੇ ਫਰਾਂਸ ਵਿਚ ਹੋਏ ਵਿਸ਼ਵ ਕੱਪ ਵਿਚ ਅਮਰੀਕਾ  ਨੂੰ ਜਿੱਤ ਦਿਵਾਉਣ ਵਿਚ ਅਹਿਮ ਭੂਮਿਕਾ ਨਿਭਾਈ ਸੀ। ਬੈਲਨ ਡੀ ਓਰ ਦੇ ਜੇਤੂਆਂ ਦਾ ਐਲਾਨ 2 ਦਸੰਬਰ ਨੂੰ ਪੈਰਿਸ ਵਿਚ ਆਯੋਜਿਤ ਇਕ ਸਮਾਰੋਹ ਵਿਚ ਕੀਤਾ ਜਾਵੇਗਾ। ਜੇਤੂਆਂ ਦਾ ਫੈਸਲਾ 180 ਦੇਸ਼ਾਂ ਦੇ ਪੱਤਰਕਾਰਾਂ ਵਲੋਂ ਕੀਤਾ ਜਾਵੇਗਾ।