ਨੇਮਾਰ ਨੇ PSG ਨਾਲ ਰਹਿਣ ਦੇ ਦਿੱਤੇ ਸੰਕੇਤ

Saturday, May 12, 2018 - 11:05 PM (IST)

ਪੈਰਿਸ— ਬ੍ਰਾਜ਼ੀਲੀ ਫਾਰਵਰਡ ਨੇਮਾਰ ਨੇ ਸੈਸ਼ਨ ਦੇ ਅੰਤ ਵਿਚ ਆਪਣੇ ਫ੍ਰੈਂਚ ਚੈਂਪੀਅਨ ਕਲੱਬ ਨਾਲੋਂ ਨਾਤਾ ਤੋੜਨ ਦੀਆਂ ਅਫਵਾਹਾਂ 'ਤੇ ਵਿਰਾਮ ਲਾਉਂਦਿਆਂ ਪੈਰਿਸ ਸੇਂਟ ਜਰਮਨ ਦੀ 2018-19 ਦੀ ਟੀ-ਸ਼ਰਟ ਪਹਿਨ ਕੇ ਸੋਸ਼ਲ ਨੈੱਟਵਰਕਿੰਗ ਸਾਈਟ 'ਤੇ ਆਪਣੀ ਤਸਵੀਰ ਸਾਂਝੀ ਕੀਤੀ ਹੈ।
ਨੇਮਾਰ ਦੇ ਟਵਿਟਰ 'ਤੇ ਆਪਣੀ ਤਸਵੀਰ ਪੋਸਟ ਕਰਨ ਨਾਲ ਉਸ ਦੇ 2018-19 ਸੈਸ਼ਨ ਵਿਚ ਕਲੱਬ ਨਾਲ ਬਣੇ ਰਹਿਣ ਦੀ ਉਮੀਦ ਹੈ। 26 ਸਾਲਾ ਖਿਡਾਰੀ ਨੇ ਨਾਲ ਹੀ ਲਿਖਿਆ, ''ਮੈਨੂੰ ਨਵੀਂ ਜਰਸੀ ਪਹਿਨ ਕੇ ਮਾਣ ਮਹਿਸੂਸ ਹੋ ਰਿਹਾ ਹੈ ਅਤੇ ਮੈਂ ਆਪਣੇ ਕਲੱਬ ਨੂੰ ਅੱਗੇ ਵੀ ਖੁਸ਼ੀਆਂ ਦਿੰਦਾ ਰਹਾਂਗਾ।''

ਬ੍ਰਾਜ਼ੀਲੀ ਫੁੱਟਬਾਲਰ ਪੈਰ ਦੀ ਸੱਟ ਨਾਲ ਜੂਝ ਰਿਹਾ ਹੈ। ਇਸ ਤੋਂ ਪਹਿਲਾਂ ਮੀਡੀਆ ਰਿਪੋਰਟਾਂ ਵਿਚ ਦਾਅਵਾ ਕੀਤਾ ਗਿਆ ਸੀ ਕਿ ਨੇਮਾਰ ਨੇ ਪੀ. ਐੱਸ. ਜੀ. ਕਲੱਬ ਦੇ ਡਾਇਰੈਕਟਰਾਂ ਨੂੰ ਕਲੱਬ ਛੱਡਣ ਲਈ ਕਿਹਾ ਹੈ। ਨੇਮਾਰ 22.2 ਕਰੋੜ ਯੂਰੋ ਦੀ ਵਿਸ਼ਵ ਰਿਕਾਰਡ ਡੀਲ ਨਾਲ ਬਾਰਸੀਲੋਨਾ ਦੇ ਪੀ. ਐੱਸ. ਜੀ. 'ਚ ਸ਼ਾਮਲ ਹੋਇਆ ਸੀ। ਮੀਡੀਆ 'ਚ ਖਬਰਾਂ ਸਨ ਕਿ ਨੇਮਾਰ ਨੂੰ ਹੁਣ ਸਪੈਨਿਸ਼ ਕਲੱਬ ਰੀਅਲ ਮੈਡ੍ਰਿਡ ਲਈ ਖੇਡਣਾ ਚਾਹੀਦਾ ਹੈ।


Related News