NZ v SA : ਨਿਊਜ਼ੀਲੈਂਡ ਨੂੰ ਹਰਾ ਕੇ ਦੱਖਣੀ ਅਫਰੀਕਾ ਨੇ 1-1 ਨਾਲ ਡਰਾਅ ਕੀਤੀ ਸੀਰੀਜ਼

03/01/2022 7:58:33 PM

ਕ੍ਰਾਈਸਟਚਰਚ- ਕੈਗਿਸੋ ਰਬਾਡਾ (106 ਦੌੜਾਂ 'ਤੇ 8 ਵਿਕਟਾਂ) ਮਾਕਰੇ ਯਾਨਸਨ (161 ਦੌੜਾਂ 'ਤੇ ਸੱਤ ਵਿਕਟਾਂ) ਅਤੇ ਕੇਸ਼ਵ ਮਹਾਰਾਜ (121 ਦੌੜਾਂ 'ਤੇ ਚਾਰ ਵਿਕਟਾਂ) ਦੀ ਘਾਤਕ ਗੇਂਦਬਾਜ਼ੀ ਦੀ ਬਦੌਲਤ ਦੱਖਣੀ ਅਫਰੀਕਾ ਨੇ ਇੱਥੇ ਦੂਜੇ ਟੈਸਟ ਕ੍ਰਿਕਟ ਮੈਚ ਦੇ 5ਵੇਂ ਅਤੇ ਆਖਰੀ ਦਿਨ ਮੰਗਲਵਾਰ ਨੂੰ ਨਿਊਜ਼ੀਲੈਂਡ ਨੂੰ 198 ਦੌੜਾਂ ਨਾਲ ਹਰਾ ਕੇ 2 ਮੈਚਾਂ ਦੀ ਸੀਰੀਜ਼ ਨੂੰ 1-1 ਨਾਲ ਡਰਾਅ ਕਰ ਦਿੱਤਾ। ਨਿਊਜ਼ੀਲੈਂਡ ਨੇ ਅੱਜ ਆਪਣੇ ਕੱਲ ਦੇ ਸਕੋਰ ਚਾਰ ਵਿਕਟਾਂ 'ਤੇ 94 ਦੌੜਾਂ ਤੋਂ ਅੱਗੇ ਖੇਡਣਾ ਸ਼ੁਰੂ ਕੀਤਾ। 


ਡੇਵੋਨ ਕਾਨਵੇ ਅਤੇ ਟਾਮ ਬਲੰਡੇਲ ਨੇ ਟੀਮ ਦੀ ਮੈਚ ਵਿਚ ਵਾਪਸੀ ਜਾਂ ਘੱਟ ਤੋਂ ਘੱਟ ਮੈਚ ਨੂੰ ਡਰਾਅ ਕਰਵਾਉਣ ਦੇ ਲਈ ਪੂਰੀ ਕੋਸ਼ਿਸ਼ ਕੀਤੀ। ਦੋਵਾਂ ਬੱਲੇਬਾਜ਼ਾਂ ਨੇ ਪੰਜਵੇਂ ਵਿਕਟ ਦੇ ਲਈ 72 ਦੌੜਾਂ ਦੀ ਸਾਂਝੇਦਾਰੀ ਕਰ ਇਸ ਨੂੰ ਹੋਰ ਅੱਗੇ ਵਧਾ ਦਿੱਤਾ ਪਰ ਨੌਜਵਾਨ ਦੱਖਣੀ ਅਫਰੀਕਾ ਤੇਜ਼ ਗੇਂਦਬਾਜ਼ ਲੂਥੋ ਸਿਪਮਲਾ ਨੇ 166 ਦੇ ਸਕੋਰ 'ਤੇ ਕਾਨਵੇ ਨੂੰ ਆਊਟ ਕਰ ਦਿੱਤਾ। ਇਸ ਤੋਂ ਬਾਅਦ ਰਬਾਡਾ, ਯਾਨਸਨ ਅਤੇ ਮਹਾਰਾਜ ਦੀ ਘਾਤਕ ਗੇਂਦਬਾਜ਼ੀ ਦੇ ਅੱਗੇ ਨਿਊਜ਼ੀਲੈਂਡ ਜ਼ਿਆਦਾ ਦੇਰ ਤੱਕ ਨਹੀਂ ਟਿਕ ਸਕੇ ਅਤੇ 93.5 ਓਵਰਾਂ ਵਿਚ 227 ਦੌੜਾਂ 'ਤੇ ਢੇਰ ਹੋ ਗਈ। ਕਾਨਵੇ 13 ਚੌਕਿਆਂ ਦੀ ਮਦਦ ਨਾਲ 188 ਗੇਂਦਾਂ 'ਤੇ ਸਭ ਤੋਂ ਜ਼ਿਆਦਾ 92, ਜਦਕਿ ਬਲੰਡੇਲ ਸੱਤ ਚੌਕਿਆਂ ਦੀ ਮਦਦ ਨਾਲ 109 ਗੇਂਦਾਂ ਵਿਚ 44 ਦੌੜਾਂ ਬਣਾ ਕੇ ਆਊਟ ਹੋਏ।


ਦੱਖਣੀ ਅਫਰੀਕਾ ਦੇ ਲਈ ਰਬਾਡਾ ਨੇ ਦੋਵਾਂ ਪਾਰੀਆਂ ਵਿਚ ਕੁੱਲ 106 ਦੌੜਾਂ 'ਤੇ ਅੱਠ, ਯਾਨਸਨ ਨੇ 161 ਦੌੜਾਂ 'ਤੇ ਸੱਤ ਅਤੇ ਮਹਾਰਾਜ ਨੇ 121 ਦੌੜਾਂ 'ਤੇ ਚਾਰ ਵਿਕਟਾਂ ਹਾਸਲ ਕੀਤੀਆਂ। ਇਸ ਦੌਰਾਨ ਬੱਲੇਬਾਜ਼ੀ ਵਿਚ ਪਹਿਲੀ ਪਾਰੀ 'ਚ ਸਾਰੇਲ ਨੇ 108 ਦੌੜਾਂ ਦੀ ਸੈਂਕੜੇ ਵਾਲੀ ਪਾਰੀ ਖੇਡੀ, ਜਦਕਿ ਦੂਜੀ ਪਾਰੀ ਵਿਚ ਕਾਈਲ ਵੇਰੇਨ ਨੇ ਸੈਂਕੜਾ ਲਗਾਇਆ। ਉਨ੍ਹਾਂ ਨੇ 187 ਗੇਂਦਾਂ 'ਤੇ ਅਜੇਤੂ 136 ਦੌੜਾਂ ਬਣਾਈਆਂ। ਨਿਊਜ਼ੀਲੈਂਡ ਵਲੋਂ ਕਾਲਿਨ ਦੀ ਗ੍ਰੈਂਡਹੋਮ ਨੇ ਅਜੇਤੂ 120 ਦੌੜਾਂ ਬਣਾਈਆਂ। ਰਬਾਡਾ ਨੂੰ ਸ਼ਾਨਦਾਰ ਗੇਂਦਬਾਜ਼ੀ ਦੇ ਲਈ 'ਪਲੇਅਰ ਆਫ ਦਿ ਮੈਚ' ਅਤੇ ਨਿਊਜ਼ੀਲੈਂਡ ਦੇ ਮੈਟ ਹੇਨਰੀ ਨੂੰ ਪੂਰੀ ਸੀਰੀਜ਼ 'ਚ 14 ਵਿਕਟਾਂ ਲੈਣ ਅਤੇ ਇਕ ਅਰਧ ਸੈਂਕੜੇ ਬਣਾਉਣ ਦੇ ਲਈ 'ਪਲੇਅਰ ਆਫ ਦਿ ਸੀਰੀਜ਼' ਪੁਰਸਕਾਰ ਮਿਲਿਆ।

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।

Gurdeep Singh

This news is Content Editor Gurdeep Singh