ਵਰਲਡ ਕੱਪ ਫਾਈਨਲ 'ਤੇ ਨਿਊਜ਼ੀਲੈਂਡ ਟੀਮ ਦੇ ਕੋਚ ਨੇ ਦਿੱਤਾ ਵੱਡਾ ਬਿਆਨ

07/17/2019 2:01:41 PM

ਸਪੋਰਟਸ ਡੈਸਕ— ਨਿਊਜ਼ੀਲੈਂਡ ਕ੍ਰਿਕਟ ਟੀਮ ਦੇ ਮੁੱਖ ਕੋਚ ਗੈਰੀ ਸਟੇਡ ਨੇ ਕਿਹਾ ਕਿ ਜੇਕਰ ਅਗਲੀ ਵਾਰ ਵਰਲਡ ਕੱਪ ਦਾ ਫਾਈਨਲ ਟਾਈ ਰਹਿੰਦਾ ਹੈ ਤਾਂ ਟਰਾਫੀ ਸ਼ੇਅਰ ਕੀਤੀ ਜਾਣੀ ਚਾਹੀਦੀ ਹੈ। ਵਰਲਡ ਕੱਪ ਦੇ ਫਾਈਨਲ 'ਚ ਇੰਗਲੈਂਡ ਅਤੇ ਨਿਊਜ਼ੀਲੈਂਡ ਦਾ ਮੁਕਾਬਲਾ ਟਾਈ ਰਿਹਾ ਸੀ। ਸੁਪਰ ਓਵਰ 'ਚ ਸਕੋਰ ਬਰਾਬਰ ਰਹਿਣ ਦੇ ਬਾਅਦ ਇੰਗਲੈਂਡ ਨੂੰ ਬਾਊਂਡਰੀ ਕਾਊਂਟ ਦੇ ਆਧਾਰ 'ਤੇ ਜੇਤੂ ਐਲਾਨਿਆ ਗਿਆ ਸੀ। ਨਿਊਜ਼ੀਲੈਂਡ ਦੇ ਕੋਚ ਗੈਰੀ ਸਟੀਡ ਨੇ ਪੱਤਰਕਾਰਾਂ ਨੂੰ ਕਿਹਾ, ਕਾਫੀ ਖੋਖਲਾ ਮਹਿਸੂਸ ਕਰ ਰਿਹਾ ਹਾਂ ਕਿਉਂਕਿ 100 ਓਵਰਾਂ ਤੋਂ ਬਾਅਦ ਸਕੋਰ ਬਰਾਬਰ ਰਹਿਣ ਤੋਂ ਬਾਅਦ ਵੀ ਤੁਸੀਂ ਹਾਰ ਗਏ ਪਰ ਇਹ ਖੇਡ ਦਾ ਤਕਨੀਕੀ ਪੇਚ ਹੈ।'' ਉਸ ਨੇ ਕਿਹਾ, ''ਆਈ.ਸੀ.ਸੀ. 'ਚ ਇਸ ਦੀ ਸਮੀਖਿਆ ਹੋਵੇ ਅਤੇ ਉਹ ਇਸ ਦੇ ਤਰੀਕੇ ਲੱਭਣ।''

ਸਟੇਡ ਨੇ ਕਿਹਾ, ''ਜਦੋਂ ਨਿਯਮ ਬਣਾਇਆ ਗਿਆ ਹੋਵੇਗਾ ਉਦੋਂ ਕਿਸੇ ਨੇ ਨਹੀਂ ਸੋਚਿਆ ਹੋਵੇਗਾ ਕਿ ਵਰਲਡ ਕੱਪ ਦਾ ਫਾਈਨਲ ਇਸ ਤਰ੍ਹਾਂ ਹੋਵੇਗਾ। ਹੁਣ ਇਸ ਬਾਰੇ ਜ਼ਰੂਰ ਸੋਚਿਆ ਜਾਣਾ ਚਾਹੀਦਾ ਹੈ।'' ਉਨ੍ਹਾਂ ਕਿਹਾ ਕਿ ਇਹ ਨਿਰਾਸ਼ਾਜਨਕ ਹੈ ਜਦੋਂ ਤੁਸੀਂ 7 ਹਫਤੇ ਤਕ ਖੇਡੋ ਅਤੇ ਫਾਈਨਲ 'ਚ 100 ਓਵਰ ਦੇ ਬਾਅਦ ਮੁਕਾਬਲਾ ਬਰਾਬਰ ਰਹੇ। ਇਸ ਤੋਂ ਬਾਅਦ ਤੁਸੀਂ ਹਾਰ ਜਾਓ। ਅੰਪਾਇਰ ਵੱਲੋਂ 50ਵੇਂ ਓਵਰ 'ਚ ਇੰਗਲੈਂਡ ਦੇ ਬੱਲੇਬਾਜ਼ਾਂ ਨੂੰ 5 ਦੀ ਜਗ੍ਹਾ 6 ਦੌੜਾਂ ਦੇਣ ਦੇ ਸਵਾਲ 'ਤੇ ਉਨ੍ਹਾਂ ਕਿਹਾ ਕਿ ਮੈਂ ਇਸ ਬਾਰੇ ਨਹੀਂ ਜਾਣਦਾ। ਅੰਪਾਇਰ ਨੂੰ ਇਸ ਬਾਰੇ ਜਾਣਕਾਰੀ ਹੁੰਦੀ ਹੈ ਅਤੇ ਉਹ ਵੀ ਇਨਸਾਨ ਹੈ।

ਇਹ ਹੈ ਆਈ.ਸੀ.ਸੀ. ਦਾ ਬਾਊਂਡਰੀ ਕਾਊਂਟ ਨਿਯਮ
ਇਸ ਨਿਯਮ ਮੁਤਾਬਕ ਜੇਕਰ ਕੋਈ ਮੈਚ ਟਾਈ ਹੋ ਜਾਂਦਾ ਹੈ ਤਾਂ ਸੁਪਰਓਵਰ ਖੇਡਿਆ ਜਾਵੇਗਾ। ਜੇਕਰ ਸੁਪਰ ਓਵਰ ਵੀ ਬਰਾਬਰੀ 'ਤੇ ਰਹਿੰਦਾ ਹੈ ਤਾਂ ਇਹ ਦੇਖਿਆ ਜਾਵੇਗਾ ਕਿ ਕਿਸ ਟੀਮ ਨੇ ਜ਼ਿਆਦਾ ਬਾਊਂਡਰੀਜ਼ (ਚੌਕੇ-ਛੱਕੇ) ਲਗਾਈਆਂ ਹਨ। ਪਹਿਲਾਂ 50 ਓਵਰਾਂ ਦੇ ਇਲਾਵਾ ਸੁਪਰ ਓਵਰ 'ਚ ਲਗਾਈਆਂ ਬਾਊਂਡਰੀਜ਼ ਵੀ ਜੋੜੀਆਂ ਜਾਣਗੀਆਂ। 
 

Tarsem Singh

This news is Content Editor Tarsem Singh