ਵਿਲੀਅਮਸਨ ਦੇ ਸੈਂਕੜੇ ਨਾਲ ਨਿਊਜ਼ੀਲੈਂਡ ਨੇ ਦੂਜੇ ਟੈਸਟ ’ਚ ਦੱਖਣੀ ਅਫਰੀਕਾ ਨੂੰ 7 ਵਿਕਟਾਂ ਨਾਲ ਹਰਾਇਆ

02/17/2024 4:42:37 PM

ਹੈਮਿਲਟਨ (ਨਿਊਜ਼ੀਲੈਂਡ),  (ਭਾਸ਼ਾ)– ਕੇਨ ਵਿਲੀਅਮਸਨ ਦੇ ਅਜੇਤੂ ਸੈਂਕੜੇ ਤੇ ਵਿਲ ਯੰਗ ਨਾਲ ਉਸਦੀ ਅਜੇਤੂ ਸੈਂਕੜੇ ਵਾਲੀ ਸਾਂਝੇਦਾਰੀ ਨਾਲ ਨਿਊਜ਼ੀਲੈਂਡ ਨੇ ਸ਼ੁੱਕਰਵਾਰ ਨੂੰ ਇੱਥੇ ਦੂਜੇ ਕ੍ਰਿਕਟ ਟੈਸਟ ਦੇ ਚੌਥੇ ਦਿਨ ਦੱਖਣੀ ਅਫਰੀਕਾ ਨੂੰ 7 ਵਿਕਟਾਂ ਨਾਲ ਹਰਾ ਕੇ ਉਸਦੇ ਵਿਰੁੱਧ ਪਹਿਲੀ ਵਾਰ ਟੈਸਟ ਲੜੀ ਜਿੱਤ ਲਈ। ਨਿਊਜ਼ੀਲੈਂਡ ਨੇ ਦੋ ਮੈਚਾਂ ਦੀ ਲੜੀ 2-0 ਨਾਲ ਆਪਣੇ ਨਾਂ ਕੀਤੀ।

ਵਿਲੀਅਮਸਨ ਨੇ 260 ਗੇਂਦਾਂ ਵਿਚ 12 ਚੌਕਿਆਂ ਤੇ 2 ਛੱਕਿਆਂ ਦੀ ਮਦਦ ਨਾਲ 133 ਦੌੜਾਂ ਦੀ ਅਜੇਤੂ ਪਾਰੀ ਖੇਡਣ ਤੋਂ ਇਲਾਵਾ ਵਿਲ ਯੰਗ (134 ਗੇਂਦਾਂ ’ਤੇ ਅਜੇਤੂ 60, ਅੱਠ ਚੌਕੇ) ਦੇ ਨਾਲ ਚੌਥੀ ਵਿਕਟ ਲਈ 152 ਦੌੜਾਂ ਦੀ ਅਜੇਤੂ ਸਾਂਝੇਦਾਰੀ ਕਰਕੇ ਨਿਊਜ਼ੀਲੈਂਡ ਨੂੰ 3 ਵਿਕਟਾਂ ’ਤੇ 269 ਦੌੜਾਂ ’ਤੇ ਪਹੁੰਚਾ ਕੇ ਜਿੱਤ ਦਿਵਾਈ। ਚੌਥੀ ਪਾਰੀ ਵਿਚ ਟੀਚੇ ਦਾ ਪਿੱਛਾ ਕਰਦਿਆਂ ਜਿੱਤ ਦਰਜ ਕਰਨ ਦੌਰਾਨ ਇਹ ਨਿਊਜ਼ੀਲੈਂਡ ਦਾ 5ਵਾਂ ਸਭ ਤੋਂ ਵੱਡਾ ਸਕੋਰ ਹੈ। ਵਿਲੀਅਮਸਨ ਨੇ ਪਹਿਲੇ ਟੈਸਟ ਦੀਆਂ ਦੋਵੇਂ ਪਾਰੀਆਂ ਵਿਚ ਵੀ ਸੈਂਕੜਾ ਲਾਇਆ ਸੀ, ਜਿਸ ਨੂੰ ਨਿਊਜ਼ੀਲੈਂਡ ਨੇ 281 ਦੌੜਾਂ ਨਾਲ ਜਿੱਤਿਆ ਸੀ।

ਦੱਖਣੀ ਅਫਰੀਕਾ ਨੇ ਪਹਿਲੀ ਪਾਰੀ ਦੇ ਆਧਾਰ ’ਤੇ 31 ਦੌੜਾਂ ਦੀ ਬੜ੍ਹਤ ਹਾਸਲ ਕੀਤੀ ਸੀ ਤੇ ਫਿਰ ਦੂਜੀ ਪਾਰੀ ਵਿਚ 235 ਦੌੜਾਂ ਬਣਾ ਕੇ ਨਿਊਜ਼ੀਲੈਂਡ ਨੂੰ 267 ਦੌੜਾਂ ਦਾ ਟੀਚਾ ਦਿੱਤਾ। ਨਿਊਜ਼ੀਲੈਂਡ ਨੇ ਚੌਥੇ ਦਿਨ ਦੀ ਸ਼ੁਰੂਆਤ 1 ਵਿਕਟ ’ਤੇ 40 ਦੌੜਾਂ ਤੋਂ ਕੀਤੀ। ਮੇਜ਼ਬਾਨ ਟੀਮ ਨੂੰ ਜਿੱਤ ਲਈ ਇਸ ਸਮੇਂ 227 ਦੌੜਾਂ ਜਦਕਿ ਦੱਖਣੀ ਅਫਰੀਕਾ ਨੂੰ 9 ਵਿਕਟਾਂ ਦੀ ਲੋੜ ਸੀ। ਵਿਲੀਅਮਸਨ ਨੇ ਇਕ ਪਾਸਾ ਸੰਭਾਲੀ ਰੱਖਿਆ । ਉਸ ਨੇ ਆਪਣਾ 32ਵਾਂ ਟੈਸਟ ਸੈਂਕੜਾ 203 ਗੇਂਦਾਂ ਵਿਚ ਪੂਰਾ ਕੀਤਾ ਤੇ ਇਸ ਦੌਰਾਨ ਰਚਿਨ ਰਵਿੰਦਰ (20) ਨਾਲ ਤੀਜੀ ਵਿਕਟ ਲਈ 64 ਦੌੜਾਂ ਵੀ ਜੋੜੀਆਂ। ਆਫ ਸਪਿਨਰ ਡੇਨ ਪੀਟ ਨੇ ਜਦੋਂ ਰਵਿੰਦਰ ਨੂੰ ਆਊਟ ਕਰਕੇ ਨਿਊਜ਼ੀਲੈਂਡ ਦਾ ਸਕੋਰ 3 ਵਿਕਟਾਂ ’ਤੇ 117 ਦੌੜਾਂ ਕੀਤਾ ਸੀ ਤਦ ਮੇਜ਼ਬਾਨ ਟੀਮ ਨੂੰ 150 ਦੌੜਾਂ ਦੀ ਲੋੜ ਸੀ। ਵਿਲੀਅਮਸਨ ਨੇ ਇਸ ਤੋਂ ਬਾਅਦ ਯੰਗ ਦੇ ਨਾਲ ਮਿਲ ਕੇ ਟੀਮ ਨੂੰ ਟੀਚੇ ਤਕ ਪਹੁੰਚਾਇਆ।

Tarsem Singh

This news is Content Editor Tarsem Singh