ਨਿਊਜ਼ੀਲੈਂਡ ਦੀ ਘਰ ਵਾਪਸੀ ''ਤੇ ਸਮਾਰੋਹ ਟਲਿਆ

07/17/2019 1:16:09 PM

ਸਪੋਰਟਸ ਡੈਸਕ— ਆਈ. ਸੀ. ਸੀ. ਵਰਲਡ ਕੱਪ 'ਚ ਸ਼ਾਨਦਾਰ ਪ੍ਰਦਰਸ਼ਨ ਦੇ ਬਾਵਜੂਦ ਇੰਗਲੈਂਡ ਹੱਥੋਂ ਹਾਰੀ ਹੋਈ ਨਿਊਜ਼ੀਲੈਂਡ ਕ੍ਰਿਕਟ ਟੀਮ ਦੀ ਘਰ ਵਾਪਸੀ 'ਤੇ ਹੋਣ ਵਾਲੀ ਪਰੇਡ ਅਤੇ ਸਨਮਾਨ ਸਮਾਰੋਹ ਨੂੰ ਫਿਲਹਾਲ ਕੁਝ ਕਾਰਨਾਂ ਕਰਕੇ ਟਾਲ ਦਿੱਤਾ ਗਿਆ ਹੈ। ਕੇਨ ਵਿਲੀਅਮਸਨ ਦੀ ਕਪਤਾਨੀ ਵਾਲੀ ਕੀਵੀ ਟੀਮ ਐਤਵਾਰ ਨੂੰ ਲਾਰਡਸ ਵਿਚ ਇੰਗਲੈਂਡ ਖਿਲਾਫ ਸੁਪਰ ਓਵਰ ਤੱਕ ਖਿੱਚੇ ਮੁਕਾਬਲੇ ਦੇ ਬਾਵਜੂਦ ਆਪਣੇ ਪਹਿਲੇ ਵਰਲਡ ਕੱਪ ਨੂੰ ਹਾਸਲ ਕਰਨ ਤੋਂ ਖੁੰਝ ਗਈ ਸੀ। ਇਹ ਵਰਲਡ ਕੱਪ 'ਚ ਪਹਿਲਾ ਮੌਕਾ ਸੀ ਜਦੋਂ ਕਿਸੇ ਟੀਮ ਨੂੰ ਸੁਪਰ ਓਵਰ ਵੀ ਟਾਈ ਰਹਿਣ ਤੋਂ ਬਾਅਦ ਸਭ ਤੋਂ ਵੱਧ ਬਾਊਂਡਰੀਆਂ ਲਗਾਉਣ ਦੇ ਅਧਾਰ 'ਤੇ ਟੀਮ ਨੂੰ ਜੇਤੂ ਕਰਾਰ ਕੀਤਾ ਗਿਆ। ਕੀਵੀ ਟੀਮ ਦੇ ਸ਼ਾਨਦਾਰ ਪ੍ਰਦਰਸ਼ਨ ਕਾਰਣ ਇੱਥੋਂ ਤੱਕ ਸਵਾਲ ਉਠੇ ਹਨ ਕਿ ਇਹ ਟਰਾਫੀ ਸਾਂਝੀ ਹੋਣੀ ਚਾਹੀਦੀ ਸੀ।

 

ਨਿਊਜ਼ੀਲੈਂਡ ਕ੍ਰਿਕਟ ਦੇ ਮੁੱਖ ਕਾਰਜਕਾਰੀ ਡੇਵਿਡ ਵ੍ਹਾਈਟ ਨੇ ਮੰਗਲਵਾਰ ਨੂੰ ਦੱਸਿਆ ਕਿ ਟੀਮ ਦੇ ਪ੍ਰਦਰਸ਼ਨ ਤੇ ਉਸ ਦੇ ਜਜ਼ਬੇ ਦੀ ਸ਼ਲਾਘਾ ਕੀਤੀ ਜਾਣੀ ਚਾਹੀਦੀ ਹੈ ਅਤੇ ਪ੍ਰਸ਼ੰਸਕਾਂ ਵਲੋਂ ਖਿਡਾਰੀਆਂ ਦੇ ਵਤਨ ਪਰਤਣ 'ਤੇ ਪਰੇਡ ਅਤੇ ਸਨਮਾਨ ਸਮਾਰੋਹ ਆਯੋਜਿਤ ਕੀਤਾ ਗਿਆ ਸੀ ਪਰ ਟੀਮ ਦੇ ਕਈ ਖਿਡਾਰੀ ਵਾਪਸ ਨਹੀਂ ਪਰਤ ਰਹੇ ਹਨ ਤੇ ਉਹ ਪਰਿਵਾਰ ਨਾਲ ਬ੍ਰਿਟੇਨ 'ਚ ਹੀ ਹਨ। ਅਜਿਹੇ 'ਚ ਇਹ ਪਰੇਡ ਆਯੋਜਿਤ ਨਹੀਂ ਕੀਤੀ ਜਾ ਸਕਦੀ ਹੈ।

ਵ੍ਹਾਈਟ ਨੇ ਕਿਹਾ, ''ਸਾਡੀ ਖੇਡ ਮੰਤਰੀ ਗ੍ਰਾਂਟ ਰਾਬਰਟਸਨ ਨਾਲ ਗੱਲ ਚੱਲ ਰਹੀ ਹੈ ਅਤੇ ਪ੍ਰਧਾਨ ਮੰਤਰੀ ਜੈਸਿੰਡਾ ਆਰਡਨ ਵੀ ਟੀਮ ਦੀ ਘਰ ਵਾਪਸੀ 'ਤੇ ਉਸ ਦਾ ਸਵਾਗਤ ਸਮਾਰੋਹ ਆਯੋਜਿਤ ਕਰਨ ਨੂੰ ਲੈ ਕੇ ਉਤਸ਼ਾਹਿਤ ਹਨ।'' ਉਸ ਨੇ ਕਿਹਾ, ''ਮੌਜੂਦਾ ਹਾਲਾਤ ਨੂੰ ਦੇਖਦੇ ਹੋਏ ਅਸੀਂ ਆਉਣ ਵਾਲੇ ਹਫਤੇ ਵਿਚ ਸਨਮਾਨ ਸਮਾਰੋਹ ਆਯੋਜਿਤ ਕਰ ਸਕਦੇ ਹਾਂ ਪਰ ਫਿਲਹਾਲ ਇਸ ਨੂੰ ਟਾਲ ਦਿੱਤਾ ਗਿਆ ਹੈ।''