ਨਿਊਜ਼ੀਲੈਂਡ ਕ੍ਰਿਕਟ ਨੂੰ ਇਸ ਸਾਲ 4 ਦੇਸ਼ਾਂ ਦੀ ਮੇਜ਼ਬਾਨੀ ਦਾ ਭਰੋਸਾ

08/11/2020 7:43:10 PM

ਆਕਲੈਂਡ– ਕੋਰੋਨਾ ਵਾਇਰਸ ਦੇ ਕਾਰਣ ਜ਼ਿਆਦਾਤਰ ਕ੍ਰਿਕਟ ਗਤੀਵਿਧੀਆਂ ਠੱਪ ਹੋਣ ਵਿਚਾਲੇ ਨਿਊਜ਼ੀਲੈਂਡ ਕ੍ਰਿਕਟ ਨੂੰ ਇਸ ਸਾਲ ਦੇ ਅੰਤ ਤਕ ਵੈਸਟਇੰਡੀਜ਼, ਪਾਕਿਸਤਾਨ, ਆਸਟਰੇਲੀਆ ਤੇ ਬੰਗਲਾਦੇਸ਼ ਨਾਲ ਸੀਰੀਜ਼ ਦੀ ਮੇਜ਼ਬਾਨੀ ਦਾ ਭਰੋਸਾ ਹੈ। ਨਿਊਜ਼ੀਲੈਂਡ ਕ੍ਰਿਕਟ ਦੇ ਮੁਖੀ ਡੇਵਿਡ ਵ੍ਹਾਈਟ ਨੇ ਕਿਹਾ ਕਿ ਉਨ੍ਹਾਂ ਨੂੰ ਇਨ੍ਹਾਂ ਸੀਰੀਜ਼ ਨੂੰ ਜੈਵਿਕ ਸੁਰੱਖਿਆ ਪ੍ਰੋਟੋਕਾਲ ਦੇ ਤਹਿਤ ਕਰਵਾਉਣ ਦਾ ਭਰੋਸਾ ਹੈ, ਜਿਵੇਂ ਹਾਲ ਹੀ ਵਿਚ ਇੰਗਲੈਂਡ ਐਂਡ ਵੇਲਸ ਕ੍ਰਿਕਟ ਬੋਰਡ (ਈ. ਸੀ. ਬੀ.) ਨੇ ਕੋਰੋਨਾ ਵਾਇਰਸ ਤੋਂ ਬਾਅਦ ਵੈਸਟਇੰਡੀਜ਼ ਦੇ ਨਾਲ ਟੈਸਟ ਸੀਰੀਜ਼ ਦੌਰਾਨ ਇਸਤੇਮਾਲ ਕੀਤਾ ਸੀ।
ਵ੍ਹਾਈਟ ਨੇ ਕਿਹਾ,''ਅਸੀਂ ਸ਼ਾਨਦਾਰ ਤਰੱਕੀ ਕਰ ਰਹੇ ਹਾਂ। ਮੈਂ ਵੈਸਟਇੰਡੀਜ਼ ਦੇ ਅਧਿਕਾਰੀਆਂ ਨਾਲ ਫੋਨ 'ਤੇ ਗੱਲ ਕਰ ਰਿਹਾ ਸੀ, ਉਨ੍ਹਾਂ ਨੇ ਪੁਸ਼ਟੀ ਕਰ ਦਿੱਤੀ ਹੈ ਤੇ ਪਾਕਿਸਤਾਨ ਨੇ ਵੀ ਪੁਸ਼ਟੀ ਕੀਤੀ ਹੈ। ਆਸਟਰੇਲੀਆ ਤੇ ਬੰਗਲਾਦੇਸ਼ ਦਾ ਰਵੱਈਆ ਵੀ ਹਾਂ-ਪੱਖੀ ਹੈ। ਮੇਰੇ ਖਿਆਲ ਨਾਲ ਇਹ ਸੀਰੀਜ਼ ਤੈਅ ਹਨ। ਅਸੀਂ ਇਕ ਜਾਂ ਦੋ ਹਫਤੇ ਰੁਕਾਂਗੇ ਤੇ ਸਰਕਾਰੀ ਏਜੰਸੀਆਂ ਨਾਲ ਆਈਸੋਲੇਸ਼ਨ 'ਤੇ ਚਰਚਾ ਕਰਾਂਗੇ। ਇਹ ਲੋਕ ਕਾਫੀ ਸਮਰਥਨ ਕਰ ਰਹੇ ਹਨ।''
ਮੌਜੂਦਾ ਭਵਿੱਖ ਦੌਰਾ ਪ੍ਰੋਗਰਾਮਾਂ ਅਨੁਸਾਰ ਨਿਊਜ਼ੀਲੈਂਡ ਨੂੰ ਵਿੰਡੀਜ਼ ਤੇ ਪਾਕਿਸਤਾਨ ਨਾਲ ਟੈਸਟ ਤੇ ਟੀ-20 ਮੈਚਾਂ ਦੀਆਂ ਸੀਰੀਜ਼ ਖੇਡਣੀਆਂ ਹਨ ਜਦਕਿ ਬੰਗਲਾਦੇਸ਼ ਨਾਲ ਵਨ ਡੇ ਤੇ ਟੀ-20 ਅਤੇ ਆਸਟਰੇਲੀਆ ਨਾਲ ਸੰਖੇਪ ਸੀਰੀਜ਼ ਖੇਡਣੀ ਹੈ। ਇਨ੍ਹਾਂ ਦੌਰਿਆਂ ਵਿਚ ਹਾਲਾਂਕਿ ਕੁਝ ਬਦਾਲਅ ਕੀਤੇ ਜਾ ਸਕਦੇ ਹਨ। ਮਹਿਲਾ ਵਿਸ਼ਵ ਕੱਪ 2022 ਦੇ ਲਈ ਮੁਲਤਵੀ ਕੀਤੇ ਜਾਣ ਨਾਲ ਨਿਊਜ਼ੀਲੈਂਡ ਕੋਲ ਵਾਧੂ ਵਿੰਡੋ ਵੀ ਬਣ ਗਈ ਹੈ।

Gurdeep Singh

This news is Content Editor Gurdeep Singh