ICC ਟੂਰਨਾਮੈਂਟ 'ਚ ਨਿਊਜ਼ੀਲੈਂਡ ਕੋਲੋਂ ਭਾਰਤ ਦੀ ਲਗਾਤਾਰ ਚੌਥੀ ਹਾਰ, ਦਰਜ ਕੀਤੀ 100 ਟੈਸਟ ਜਿੱਤ

02/24/2020 11:54:09 AM

ਸਪੋਰਟਸ ਡੈਸਕ— ਨਿਊਜ਼ੀਲੈਂਡ ਦੇ ਹੱਥੋਂ ਸੋਮਵਾਰ ਨੂੰ ਵੇਲਿੰਗਟਨ ਟੈਸਟ 'ਚ ਮਿਲੀ 10 ਵਿਕਟਾਂ ਨਾਲ ਹਾਰ ਵਰਲਡ ਟੈਸਟ ਚੈਂਪੀਅਨਸ਼ਿਪ 'ਚ ਟੀਮ ਇੰਡੀਆ ਦੀ ਪਹਿਲੀ ਹਾਰ ਹੈ। ਭਾਰਤ ਨੇ ਇਸ ਤੋਂ ਪਹਿਲਾਂ ਵਰਲਡ ਟੈਸਟ ਚੈਂਪੀਅਨਸ਼ਿਪ 'ਚ ਆਪਣੇ ਪਿਛਲੇ 7 ਮੈਚ ਜਿੱਤੇ ਸਨ, ਪਰ ਨਿਊਜ਼ੀਲੈਂਡ ਨੂੰ ਉਸ ਦੇ ਘਰ 'ਚ ਹਾਰ ਦੇਣ 'ਚ ਟੀਮ ਇੰਡੀਆ ਅਸਫਲ ਰਹੀ। ਨਿਊਜ਼ੀਲੈਂਡ ਨੇ ਇਸ ਤਰ੍ਹਾਂ ਭਾਰਤ ਖਿਲਾਫ ਤੀਜੀ ਵਾਰ ਟੈਸਟ ਮੈਚ 'ਚ 10 ਵਿਕਟਾਂ ਨਾਲ ਜਿੱਤ ਹਾਸਲ ਕੀਤੀ। ਨਿਊਜ਼ੀਲੈਂਡ ਨੇ ਇਸ ਤੋਂ ਪਹਿਲਾਂ 1989/90 'ਚ ਕਰਾਇਸਟਚਰਚ 'ਚ ਅਤੇ 2002/03 'ਚ ਵੇਲਿੰਗਟਨ 'ਚ ਭਾਰਤ ਨੂੰ 10 ਵਿਕਟਾਂ ਨਾਲ ਹਰਾਇਆ ਸੀ। ਇਹ ਵਿਰਾਟ ਕੋਹਲੀ ਦੀ ਅਗਵਾਈ ਵਾਲੀ ਭਾਰਤੀ ਟੀਮ ਦੀ ਪਰਥ 'ਚ 2018 'ਚ ਆਸਟਰੇਲੀਆ ਦੇ ਹੱਥੋਂ ਮਿਲੀ ਹਾਰ ਤੋਂ ਬਾਅਦ ਟੈਸਟ ਕ੍ਰਿਕਟ 'ਚ ਪਹਿਲੀ ਹਾਰ (9 ਟੈਸਟ ਤੋਂ ਬਾਅਦ) ਹੈ। ਕੇਨ ਵਿਲੀਅਮਸਨ ਦੀ ਅਗਵਾਈ 'ਚ ਨਿਊਜ਼ੀਲੈਂਡ ਨੇ ਦਮਦਾਰ ਪ੍ਰਦਰਸ਼ਨ ਕਰਦੇ ਹੋਏ ਭਾਰਤ ਨੂੰ ਵੇਲਿੰਗਟਨ ਟੈਸਟ 'ਚ ਸਿਰਫ਼ ਚਾਰ ਦਿਨਾਂ ਚ ਹੀ 10 ਵਿਕਟਾਂ ਨਾਲ ਹਰਾ ਦਿੱਤਾ, ਇਹ ਨਿਊਜ਼ੀਲੈਂਡ ਦੀ 100ਵੀਂ ਟੈਸਟ ਜਿੱਤ ਹੈ। ਵੇਲਿੰਗਟਨ ਟੈਸਟ 'ਚ ਮਿਲੀ ਹਾਰ ਦਾ ਮਤਲਬ ਹੈ ਕਿ ਹੁਣ ਨਿਊਜ਼ੀਲੈਂਡ ਨੇ ਭਾਰਤ ਨੂੰ ਵੱਡੇ ਆਈ. ਸੀ. ਸੀ. ਟੂਰਨਾਮੈਂਟ 'ਚ ਹੋਏ ਪਿਛਲੇ 4 ਮੁਕਾਬਲਿਆਂ 'ਚ ਸਾਰਿਆ ਮੈਚਾਂ 'ਚ ਹਾਰ ਦੇ ਚੁੱਕਿਆ ਹੈ। ਭਾਰਤ ਨੂੰ 2003 ਵਰਲਡ ਕੱਪ 'ਚ ਨਿਊਜ਼ੀਲੈਂਡ 'ਤੇ ਮਿਲੀ 7 ਵਿਕਟਾਂ 'ਤੇ ਜਿੱਤ ਉਸ ਦੀ ਆਈ. ਸੀ. ਸੀ ਟੂਰਨਾਮੈਂਟ 'ਚ ਕੀਵੀ ਟੀਮ ਖਿਲਾਫ ਉਸਦੀ ਆਖਰੀ ਜਿੱਤ ਹੈ। 2016 ਤੋਂ ਬਾਅਦ ਤਾਂ ਨਿਊਜ਼ੀਲੈਂਡ ਨੇ ਭਾਰਤ ਨੂੰ ਆਈ. ਸੀ. ਸੀ. ਟੂਰਨਾਮੈਂਟ 'ਚ ਹੋਈ ਤਿੰਨ ਮੁਕਾਬਲਿਆ 'ਚ ਹਰ ਵਾਰ ਹਰਾਇਆ ਹੈ। 
ਆਈ. ਸੀ. ਸੀ ਟੀ-20 ਵਰਲਡ ਕੱਪ 2007 : ਨਿਊਜ਼ੀਲੈਂਡ 10 ਦੌੜਾਂ ਨਾਲ ਜਿੱਤਿਆ
ਆਈ. ਸੀ. ਸੀ. ਟੀ-20 ਵਰਲਡ ਕੱਪ 2016 : ਨਿਊਜ਼ੀਲੈਂਡ 47 ਦੌੜਾਂ ਨਾਲ ਜਿੱਤਿਆ
ਆਈ. ਸੀ. ਸੀ. ਵਰਲਡ ਕੱਪ 2019 : ਨਿਊਜ਼ੀਲੈਂਡ 18 ਦੌੜਾਂ ਨਾਲ ਜਿੱਤਿਆ
ਆਈ. ਸੀ. ਸੀ. ਵਰਲਡ ਟੈਸਟ ਚੈਂਪੀਅਨਸ਼ਿਪ : ਨਿਊਜ਼ੀਲੈਂਡ 10 ਵਿਕਟਾਂ ਨਾਲ ਜਿੱਤਿਆ