ਜਾਣੋ ਕਦੋਂ-ਕਦੋਂ ਖੇਡ ਜਗਤ ''ਚ ਛਾਇਆ ਅੱਤਵਾਦ ਦਾ ਸਾਇਆ

03/16/2019 12:52:05 PM

ਸਪੋਰਟਸ ਡੈਸਕ : ਨਿਊਜ਼ੀਲੈਂਡ ਚ ਕ੍ਰਾਈਸਟਚਰਚ ਦੀਆਂ 2 ਮਸਜਿਦਾਂ ਵਿਚ ਸ਼ੁੱਕਰਵਾਰ ਨੂੰ ਹੋਏ ਅੱਤਵਾਦੀ ਹਮਲੇ ਵਿਚ ਘੱਟੋਂ-ਘੱਟ 49 ਲੌਕਾਂ ਦੀ ਮੌਤ ਹੋ ਗਈ ਹੈ ਅਤੇ 20 ਤੋਂ ਵੱਧ ਲੋਕ ਗੰਭੀਰ ਰੂਪ ਨਾਲ ਜ਼ਖਮੀ ਹਨ। ਹਾਲਾਂਕਿ ਹਮਲੇ ਵਿਚ ਕਿਸੇ ਖਿਡਾਰੀ ਦੇ ਜਾਨੀ-ਮਾਲ ਦੇ ਨੁਕਸਾਨ ਦੀ ਕੋਈ ਖਬਰ ਨਹੀਂ ਹੈ ਪਰ ਕ੍ਰਾਈਸਟਚਰ 'ਚ ਦੀ ਅਲ-ਨੂਰ ਮਸਜਿਦ ਵਿਚ ਹੋਈ ਗੋਲੀਬਾਰੀ ਦੌਰਾਨ ਬੰਗਲਾਦੇਸ਼ੀ ਕ੍ਰਿਕਟ ਟੀਮ ਉੱਥੇ ਹੀ ਮੌਜੂਦ ਸੀ। ਦੱਸਣਯੋਗ ਹੈ ਕਿ ਮਿਹਮਾਨ ਟੀਮ ਨੂੰ ਸ਼ਨੀਵਾਰ 16 ਮਾਰਚ ਤੋਂ ਹੇਗਲੇ ਓਵਲ ਵਿਚ ਹੋਣ ਵਾਲੇ ਤੀਜੇ ਟੈਸਟ ਵਿਚ ਹਿੱਸਾ ਲੈਣਾ ਸੀ। ਬੰਗਲਾਦੇਸ਼ੀ ਟੀਮ ਨਮਾਜ਼ ਪੜਨ ਲਈ ਹੇਗਲੇ ਪਾਰਕ ਵਿਖੇ ਮਸਜਿਦ ਅਲ ਨੂਰ ਵਿਚ ਪ੍ਰਵੇਸ਼ ਹੀ ਕਰਨ ਵਾਲੀ ਸੀ। ਨਮਾਜ਼ ਪੜਨ ਤੋਂ ਬਾਅਦ ਉਸ ਨੂੰ ਅਭਿਆਸ ਵਿਚ ਹਿੱਸਾ ਲੈਣਾ ਸੀ। ਇਸ ਹਮਲੇ ਤੋਂ ਬਾਅਦ ਪੂਰਾ ਖੇਡ ਜਗਤ ਸਦਮੇ ਵਿਚ ਹੈ। ਇਸ ਅੱਤਵਾਦੀ ਹਮਲੇ ਦੀ ਪੂਰੇ ਕ੍ਰਿਕਟ ਜਗਤ ਨੇ ਨਿੰਦਾ ਕੀਤੀ ਹੈ। ਇਸ ਹਮਲੇ ਵਿਚ ਬੰਗਲਾਦੇਸ਼ੀ ਕ੍ਰਿਕਟਰ ਤਾਂ ਵਾਲ-ਵਾਲ ਬਚ ਗਏ ਪਰ ਇਹ ਅੱਤਵਾਦੀ ਹਮਲਾ ਪਹਿਲਾਂ ਵੀ ਕਈ ਵਾਰ ਹੋਇਆ ਹੈ।

ਜਾਣੋਂ ਕਦੋਂ-ਕਦੋਂ ਖੇਡ 'ਤੇ ਹੋਇਆ ਅੱਤਵਾਦੀ ਹਮਲਾ
1972 : ਮਿਊਨਿਖ ਓਲੰਪਿਕ ਵਿਚ 11 ਇਜ਼ਰਾਈਲੀ ਖਿਡਾਰੀਆਂ ਅਤੇ ਟ੍ਰੇਨਰਾਂ ਨੂੰ ਨਕਾਬਪੋਸ਼ ਬੰਦੂਕਧਾਰੀਆਂ ਨੇ ਬੰਦੀ ਬਣਾ ਲਿਆ ਸੀ ਅਤੇ ਬਾਅਦ ਵਿਚ ਉਨ੍ਹਾਂ ਦੀ ਹੱਤਿਆ ਕਰ ਦਿੱਤੀ ਗਈ ਸੀ।

1987 : ਨਿਊਜ਼ੀਲੈਂਡ ਕ੍ਰਿਕਟ ਟੀਮ ਦਾ ਸ਼੍ਰੀਲੰਕਾ ਦੌਰਾ 3 ਟੈਸਟ ਮੈਚਾਂ ਦਾ ਸੀ ਪਰ ਪਹਿਲੇ ਮੈਚ ਤੋਂ ਬਾਅਦ ਕੋਲੰਬੋ ਵਿਚ ਟੀਮ ਦੇ ਹੋਟਲ ਤੋਂ ਬਾਹਰ ਬੰਬ ਫੱਟਣ ਨਾਲ 113 ਲੌਕਾਂ ਦੀ ਮੌਤ ਤੋਂ ਬਾਅਦ ਮਿਹਮਾਨ ਟੀਮ ਨੇ ਆਪਣਾ ਦੌਰਾ ਰੱਦ ਕਰ ਦਿੱਤਾ ਸੀ।

2002 : ਨਿਊਜ਼ੀਲੈਂਡ ਟੀਮ ਪਾਕਿਸਤਾਨ ਦੌਰੇ 'ਤੇ ਸੀ। ਟੀਮ ਹੋਟਲ ਤੋਂ ਬਾਹਰ ਬੰਬ ਫੱਟਣ ਨਾਲ 12 ਲੋਕਾਂ ਦੀ ਜਾਨ ਬੱਚ ਗਈ। ਖਿਡਾਰੀ ਸੁਰੱਖਿਅਤ ਰਹੇ ਪਰ ਨਿਊਜ਼ੀਲੈਂਡ ਬੋਰਡ ਨੇ ਦੌਰਾ ਰੱਦ ਕਰ ਦਿੱਤਾ। ਉਸ ਦੇ ਇਕ ਸਾਲ ਬਾਅਦ ਨਿਊਜ਼ੀਲੈਂਡ ਟੀਮ ਪਾਕਿਸਤਾਨ ਦੌਰੇ ਲਈ ਰਵਾਨਾ ਹੋਈ ਸੀ ਪਰ ਅਮਰੀਕਾ 'ਚ 11 ਸਤੰਬਰ ਨੂੰ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਕੀਵੀ ਟੀਮ ਦੌਰਾ ਛੱਡ ਰਸਤੇ 'ਚੋਂ ਆਪਣੇ ਵਤਨ ਪਰਤ ਗਈ। ਜਿਸ ਤੋਂ ਬਾਅਦ ਇਹ ਸੀਰੀਜ਼ ਰੱਦ ਕਰ ਦਿੱਤੀ ਗਈ।

2009 : ਸ਼੍ਰੀਲੰਕਾ ਕ੍ਰਿਕਟ ਟੀਮ ਦੂਜੇ ਟੈਸਟ ਦੇ ਤੀਜੇ ਦਿਨ ਖੇਡ ਲਈ ਲਾਹੌਰ ਦੇ ਗੱਦਾਫੀ ਸਟੇਡੀਅਮ ਜਾ ਰਹੀ ਸੀ ਪਰ ਇਕ ਦਰਜਨ ਅੱਤਵਾਦੀਆਂ ਨੇ ਟੀਮ ਬੱਸ 'ਤੇ ਹਮਲਾ ਕਰ ਦਿੱਤਾ। 6 ਸ਼੍ਰੀਲੰਕਾਈ ਖਿਡਾਰੀ ਜ਼ਖਮੀ ਹੋ ਗਏ ਸੀ ਜਦਕਿ ਬੱਸ ਡ੍ਰਾਈਵਰ ਦੀ ਗੋਲੀ ਲੱਗਣ ਨਾਲ ਮੌਤ ਹੋ ਗਈ ਸੀ। ਖਿਡਾਰੀਆਂ ਦੀ ਸੁਰੱਖਿਆ 'ਚ ਲੱਗੇ 6 ਪੁਲਸ ਮੁਲਾਜ਼ਮ ਵੀ ਮਾਰੇ ਗਏ ਸੀ। 2 ਨਾਗਰਿਕ ਵੀ ਮਾਰੇ ਗਏ ਸੀ। ਸ਼੍ਰੀਲੰਕਾਈ ਟੀਮ ਤੁਰੰਤ ਆਪਣੇ ਵਤਨ ਪਰਤ ਗਈ ਅਤੇ ਉਸਦੇ ਬਾਅਦ ਤੋਂ ਅੱਜ ਤੱਕ ਟੀਮਾਂ ਪਾਕਿਸਤਾਨ ਜਾਣ ਤੋਂ ਡਰਦੀਆਂ ਹਨ।

2010 : ਅਫ੍ਰੀਕਨ ਨੇਸ਼ੰਸ ਕੱਪ ਫੁੱਟਬਾਲ ਟੂਰਨਾਮੈਂਟ ਵਿਚ ਟੋਗਾ ਟੀਮ ਅੰਗੋਲਾ ਦੇ ਕੈਬਿੰਡਾ ਸੂਬੇ ਤੋਂ ਰਵਾਨ ਹੋ ਰਹੀ ਸੀ ਕਿ ਅਲਗਾਵਵਾਦੀਆਂ ਨੇ ਟੀਮ ਬੱਸ 'ਤੇ ਹਮਲਾ ਕਰ ਗੋਲੀਆਂ ਚਲਾਈਆਂ। ਟੀਮ ਦੇ ਸਹਾਇਕ ਮੈਨੇਜਰ ਅਤੇ ਮੀਡੀਆ ਅਧਿਕਾਰੀ ਮਾਰੇ ਗਏ ਸੀ।

2019 : ਨਿਊਜ਼ੀਲੈਂਡ ਦੌਰੇ 'ਤੇ ਤੀਜੇ ਟੈਸਟ ਤੋਂ ਪਹਿਲਾਂ ਦੀ ਸ਼ਾਮ ਬੰਗਲਾਦੇਸ਼ੀ ਟੀਮ ਨਮਾਜ਼ ਪੜਨ ਲਈ ਮਸਜਿਦ ਜਾ ਰਹੀ ਸੀ। ਮਸਜਿਦ 'ਤੇ ਬੰਦੂਕਧਾਰੀ ਨੇ ਗੋਲੀਆਂ ਚਲਾ ਦਿੱਤੀਆਂ। ਹਮਲੇ ਵਿਚ 49 ਲੋਕਾਂ ਦੀ ਮੌਤ ਹੋ ਗਈ। ਖਿਡਾਰੀ ਸੁਰੱਖਿਅਤ ਰਹੇ ਪਰ ਦੌਰਾ ਰੱਦ ਕਰ ਦਿੱਤਾ ਗਿਆ।