ਭਾਰਤੀ ਮਹਿਲਾ ਹਾਕੀ ਟੀਮ ਨੂੰ ਨਵੀਂ ਮਜ਼ਬੂਤੀ ਦੇਵਾਂਗੇ : ਸਵਿਤਾ ਪੂਨੀਆ

03/23/2024 10:18:50 AM

ਨਵੀਂ ਦਿੱਲੀ– ਰਾਂਚੀ ਵਿਚ ਓਲੰਪਿਕ ਕੁਆਲੀਫਾਇਰ ’ਚ ਹਾਰ ਦਾ ਦਰਦ ਜ਼ਿੰਦਗੀ ਭਰ ਉਸ ਨੂੰ ਮਹਿਸੂਸ ਹੁੰਦਾ ਰਹੇਗਾ ਪਰ ਭਾਰਤੀ ਮਹਿਲਾ ਹਾਕੀ ਟੀਮ ਦੀ ਕਪਤਾਨ ਸਵਿਤਾ ਪੂਨੀਆ ਦਾ ਵਾਅਦਾ ਹੈ ਕਿ ਅਗਲੇ ਚਾਰ ਸਾਲਾਂ ਵਿਚ ਉਹ ਇੰਨੀ ਮਜ਼ਬੂਤ ਟੀਮ ਬਣਾਉਣਗੀਆਂ ਕਿ ਇਹ ਦਿਨ ਦੁਬਾਰਾ ਨਹੀਂ ਦੇਖਣਾ ਪਵੇ। ਸਵਿਤਾ ਨੇ ਕਿਹਾ,‘‘ਓਲੰਪਿਕ ਕੁਆਲੀਫਾਇਰ ਹਾਰ ਜਾਣਾ ਸਾਡੇ ਲਈ ਅਜਿਹਾ ਬੁਰਾ ਪਲ ਹੈ, ਜਿਸ ਨੂੰ ਅਸੀਂ ਖਿਡਾਰੀ ਪੂਰੀ ਜ਼ਿੰਦਗੀ ’ਚ ਸ਼ਾਇਦ ਨਹੀਂ ਭੁੱਲ ਸਕਾਂਗੇ। ਅਜੇ ਤਕ ਮੈਂ ਉਸ ਤੋਂ ਉੱਭਰ ਨਹੀਂ ਸਕੀ ਹਾਂ।’’
ਰੀਓ ਓਲੰਪਿਕ 2026 ਦੇ ਰਾਹੀਂ 36 ਸਾਲ ਬਾਅਦ ਓਲੰਪਿਕ ਵਿਚ ਪਰਤੀ ਭਾਰਤੀ ਮਹਿਲਾ ਹਾਕੀ ਟੀਮ ਟੋਕੀਓ ਓਲੰਪਿਕ ਵਿਚ ਇਤਿਹਾਸਕ ਚੌਥੇ ਸਥਾਨ ’ਤੇ ਰਹੀ ਸੀ। ਰਾਂਚੀ ਵਿਚ ਜਨਵਰੀ ਵਿਚ ਖੇਡੇ ਗਏ ਕੁਆਲੀਫਾਇਰ ਵਿਚ ਹਾਲਾਂਕਿ ਜਾਪਾਨ ਹੱਥੋਂ ਹਾਰ ਕੇ ਉਸ ਨੇ ਪੈਰਿਸ ਓਲੰਪਿਕ ਜਾਣ ਦਾ ਮੌਕਾ ਗੁਆ ਦਿੱਤਾ।
ਇਸ ਤਜਰਬੇਕਾਰ ਗੋਲਕੀਪਰ ਨੇ ਕਿਹਾ,‘‘ਮੈਂ ਉਸਦੇ ਬਾਰੇ ਵਿਚ ਗੱਲ ਨਹੀਂ ਕਰਨਾ ਚਾਹੁੰਦੀ ਸੀ ਕਿਉਂਕਿ ਇਸ ਤੋਂ ਦੁੱਖ ਹੀ ਹੁੰਦਾ ਹੈ। ਅਸੀਂ ਟੋਕੀਓ ਵਿਚ ਚੌਥੇ ਸਥਾਨ ’ਤੇ ਰਹਿਣ ਦੀ ਖੁਸ਼ੀ ਦੇਖੀ ਤੇ ਹੁਣ ਓਲੰਪਿਕ ਨਾ ਖੇਡਣ ਦਾ ਦਰਦ ਵੀ ਪਰ ਅਸੀਂ ਖਿਡਾਰੀ ਹਾਂ ਤੇ ਹਾਰ ਜਿੱਤ ਸਾਨੂੰ ਬਹੁਤ ਕੁਝ ਸਿਖਾਉਂਦੀ ਹੈ ਪਰ ਘੱਟ ਤੋਂ ਘੱਟ ਸਾਨੂੰ ਇਹ ਅਫਸੋਸ ਨਹੀਂ ਹੈ ਕਿ ਅਸੀਂ ਚੰਗਾ ਨਹੀਂ ਖੇਡੇ।’’
ਉਸ ਨੇ ਕਿਹਾ, ‘‘ਅਸੀਂ ਸਾਰਿਆਂ ਨੇ ਆਪਣਾ ਸੌ ਫੀਸਦੀ ਦਿੱਤਾ ਤੇ ਸਾਡੀ ਤਿਆਰੀ ਬਹੁਤ ਚੰਗੀ ਸੀ। ਵਾਅਦਾ ਕਰਦੇ ਹਾਂ ਕਿ ਅਗਲੇ ਟੂਰਨਾਮੈਂਟਾਂ ’ਚ ਉਮੀਦਾਂ ’ਤੇ ਖਰਾ ਉਤਰੇਗਾ। ਸ਼ਾਇਦ ਇਸ ਹਾਰ ਦੇ ਪਿੱਛੇ ਸਾਡੀ ਬਦਕਿਸਮਤੀ ਸੀ। ਲੋਕਾਂ ਤੋਂ ਜ਼ਿਆਦਾ ਅਸੀਂ ਖੁਦ ਦੁਖੀ ਹਾਂ। ਅਸੀਂ ਬਹੁਤ ਮਿਹਨਤ ਕੀਤੀ ਸੀ। ਸਭ ਕੁਝ ਝੋਂਕ ਦਿੱਤਾ ਸੀ।’’ ਉਸ ਨੇ ਕਿਹਾ,‘‘ਇਹ ਸਾਡੇ ਲਈ ਸਬਕ ਹੈ। ਮੈਨੂੰ ਆਪਣੇ ਸਫਰ ਦਾ ਪਤਾ ਨਹੀਂ ਪਰ ਕੋਸ਼ਿਸ਼ ਰਹੇਗੀ ਕਿ ਅਗਲੇ ਚਾਰ ਸਾਲ ਵਿਚ ਟੀਮ ਨੂੰ ਇੰਨਾ ਮਜ਼ਬੂਤ ਬਣਾਏ ਕਿ ਓਲੰਪਿਕ ਤੇ ਵਿਸ਼ਵ ਕੱਪ ਵਿਚ ਖੇਡਾਂ ਤੇ ਚੰਗਾ ਖੇਡਾਂ।’’

Aarti dhillon

This news is Content Editor Aarti dhillon