ਭਾਰਤੀ ਟੀਮ ਲਈ ਤਿਆਰ ਹੋ ਰਿਹੈ ਨਵਾਂ ਸਹਿਵਾਗ, ਇਕ ਓਵਰ 'ਚ ਲਗਾਏ 6 ਚੌਕੇ

07/26/2018 2:47:04 AM

ਹੰਬਨਟੋਟਾ : ਭਾਰਤ ਅਤੇ ਸ਼੍ਰੀਲੰਕਾ ਵਿਚਾਲੇ ਚੱਲ ਰਹੀ ਅੰਡਰ-19 ਯੂਥ ਟੈਸਟ ਸੀਰੀਜ਼ ਦੇ ਦੂਜੇ ਮੈਚ 'ਚ ਇਕ ਅਜਿਹਾ ਸ਼ਾਨਦਾਰ ਪਲ ਆਇਆ ਜਦੋਂ ਭਾਰਤੀ ਨੌਜਵਾਨ ਬੱਲੇਬਾਜ਼ ਪਵਨ ਸ਼ਾਹ ਨੇ ਸ਼੍ਰੀਲੰਕਾਈ ਗੇਂਦਬਾਜ਼ ਨੂੰ ਇਕ ਓਵਰ 'ਚ 6 ਲਗਾਤਾਰ ਚੌਕੇ ਲਗਾਏ। ਇਸ ਤੋਂ ਬਾਅਦ ਲੋਕਾਂ 'ਚ ਕਿਆਸ ਲਗਾਏ ਜਾ ਰਹੇ ਹਨ ਕਿ ਇਹ ਬੱਲੇਬਾਜ਼ ਭਾਰਤ ਦੇ ਧਾਕੜ ਬੱਲੇਬਾਜ਼ ਵਰਿੰਦਰ ਸਹਿਵਾਗ ਦੀ ਜਗ੍ਹਾ ਲੈ ਸਕਦਾ ਹੈ। ਉੁਸਨੇ ਇਸ ਓਵਰ ਦੇ ਪਹਿਲੇ ਚੌਕੇ ਨਾਲ ਆਪਣਾ ਦੋਹਰਾ ਸੈਂਕੜਾ ਵੀ ਪੂਰਾ ਕੀਤਾ। ਅੰਤਰਰਾਸ਼ਟਰੀ ਕ੍ਰਿਕਟ 'ਚ ਇਸ ਤੋਂ ਪਹਿਲਾਂ ਇਕ ਓਵਰ 'ਚ 6 ਚੌਕੇ 1982 'ਚ ਸੰਦੀਪ ਪਾਟਿਲ ਨੇ ਇੰਗਲੈਂਡ ਦੇ ਤੇਜ਼ ਗੇਂਦਬਾਜ਼ ਬਾਬ ਵਿਲਿਸ ਦੇ ਓਵਰ 'ਚ ਲਗਾਏ ਸਨ। ਵਿਲਿਸ ਨੇ ਹਾਲਾਂਕਿ ਓਵਰ 'ਚ ਇਕ ਨੋ ਬਾਲ ਵੀ ਕੀਤੀ ਸੀ। ਸ਼ਾਹ ਨੇ ਆਪਣੀ ਪਾਰੀ 'ਚ 382 ਗੇਂਦਾਂ ਦਾ ਸਾਹਮਣਾ ਕੀਤਾ ਜਿਸ 'ਚ 33 ਚੌਕੇ ਅਤੇ ਇਕ ਛੱਕਾ ਵੀ ਲਗਾਇਆ। ਦੂਜੇ ਮੈਚ 'ਚ ਪਵਨ ਸ਼ਾਹ ਦੇ ਰਿਕਾਰਡ ਦੋਹਰੇ ਸੈਂਕੜੇ ਨਾਲ ਵਿਸ਼ਾਲ ਸਕੋਰ ਖੜਾ ਕਰਨ ਵਾਲੀ ਭਾਰਤੀ ਟੀਮ ਨੇ ਸ਼੍ਰੀਲੰਕਾ ਦੇ ਸਿਖਰ ਕ੍ਰਮ ਨੂੰ ਤਹਿਸ-ਨਹਿਸ ਕਰ ਕੇ ਮੈਚ 'ਤੇ ਆਪਣੀ ਪਕੜ ਮਜ਼ਬੂਤ ਕਰ ਲਈ। ਸ਼ਾਹ ਨੇ 282 ਦੌੜਾਂ ਬਣਾਈਆਂ ਜੋ ਅੰਡਰ-19 ਨੌਜਵਾਨ ਟੈਸਟ ਮੈਚਾਂ 'ਚ ਕਿਸੇ ਵੀ ਭਾਰਤੀ ਦਾ ਸਭ ਤੋਂ ਵੱਡਾ ਸਕੋਰ ਹੈ। ਇਸ ਸੀਰੀਜ਼ 'ਚ ਕਈ ਨੌਜਵਾਨ ਖਿਡਾਰੀ ਸੁਰਖੀਆਂ ਇਕੱਠੀਆਂ ਕਰ ਰਹੇ ਹਨ। ਭਾਰਤ ਨੇ ਸ਼੍ਰੀਲੰਕਾ ਖਿਲਾਫ ਦੋ ਮੈਚਾਂ ਦੀ ਸੀਰਜ਼ 'ਚ ਸ਼ਾਨਦਾਰ ਸ਼ੁਰੂਆਤ ਕੀਤੀ ਹੈ। ਪਹਿਲੇ ਟੈਸਟ 'ਚ ਭਾਰਤ ਦੀ ਟੀਮ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਸ਼੍ਰੀਲੰਕਾ ਨੂੰ ਪਾਰੀ ਅਤੇ 21 ਦੌੜਾਂ ਨਾਲ ਮਾਤ ਦਿੱਤੀ ਸੀ।