ਕਦੀ ਵੀ ਆਪਣਾ ਸਥਾਨ ਬਣਾਉਣ ਲਈ ਨਹੀਂ ਸਗੋਂ ਟੀਮ ਦੀ ਸਫਲਤਾ ਲਈ ਖੇਡਿਆ : ਸ਼ਾਰਦੁਲ

08/02/2023 5:22:34 PM

ਤਾਰੋਬਾ, (ਭਾਸ਼ਾ)- ਸ਼ਾਰਦੁਲ ਠਾਕੁਰ ਨੇ ਵੈਸਟਇੰਡੀਜ਼ ਵਿੱਚ ਸ਼ਾਨਦਾਰ ਪ੍ਰਦਰਸ਼ਨ ਤੋਂ ਬਾਅਦ ਭਾਰਤ ਦੀ ਵਿਸ਼ਵ ਕੱਪ ਟੀਮ ਵਿੱਚ ਸ਼ਾਮਲ ਹੋਣ ਦਾ ਦਾਅਵਾ ਕੀਤਾ ਹੈ, ਹਾਲਾਂਕਿ ਉਸ ਦਾ ਕਹਿਣਾ ਹੈ ਕਿ ਕਿ ਟੀਮ 'ਚ ਜਗ੍ਹਾ ਬਣਾਉਣ ਦੀ ਬਜਾਏ ਉਸ ਦਾ ਧਿਆਨ ਹਮੇਸ਼ਾ ਟੀਮ ਦੀ ਜਿੱਤ 'ਚ ਯੋਗਦਾਨ ਪਾਉਣ 'ਤੇ ਰਿਹਾ ਹੈ। ਸ਼ਾਰਦੁਲ ਨੇ ਵਨਡੇ ਸੀਰੀਜ਼ ਵਿਚ ਤਿੰਨ ਮੈਚਾਂ ਵਿਚ ਅੱਠ ਵਿਕਟਾਂ ਲਈਆਂ ਸਨ। ਆਖਰੀ ਵਨਡੇ ਵਿੱਚ ਉਸ ਨੇ 37 ਦੌੜਾਂ ਦੇ ਕੇ ਚਾਰ ਵਿਕਟਾਂ ਲਈਆਂ ਸਨ। ਵਨਡੇ ਵਿਸ਼ਵ ਕੱਪ ਭਾਰਤ 'ਚ 5 ਅਕਤੂਬਰ ਤੋਂ 19 ਨਵੰਬਰ ਤੱਕ ਖੇਡਿਆ ਜਾਣਾ ਹੈ। ਇਸ ਤੋਂ ਪਹਿਲਾਂ ਟੀਮ ਪ੍ਰਬੰਧਨ ਸਾਰੇ ਖਿਡਾਰੀਆਂ ਨੂੰ ਮੌਕੇ ਦੇ ਰਿਹਾ ਹੈ। 

ਸ਼ਾਰਦੁਲ ਨੇ ਮੈਚ ਤੋਂ ਬਾਅਦ ਕਿਹਾ, ''ਮੈਂ ਖੁਸ਼ ਹਾਂ ਕਿ ਮੈਂ ਸੀਰੀਜ਼ 'ਚ ਅੱਠ ਵਿਕਟਾਂ ਲਈਆਂ। ਅਸੀਂ ਕ੍ਰਿਕਟਰ ਇਸ ਮੌਕੇ ਦਾ ਸਾਲਾਂ ਤੱਕ ਇੰਤਜ਼ਾਰ ਕਰਦੇ ਹਾਂ। ਕਈ ਵਾਰ ਤੁਸੀਂ ਵਧੀਆ ਖੇਡਦੇ ਹੋ, ਕਈ ਵਾਰ ਨਹੀਂ। ਉਸ ਨੇ ਕਿਹਾ, "ਮੈਂ ਜੋ ਵੀ ਸੀਰੀਜ਼ ਖੇਡਦਾ ਹਾਂ, ਮੇਰਾ ਆਤਮਵਿਸ਼ਵਾਸ ਵਧਦਾ ਹੈ ਕਿਉਂਕਿ ਇਸ ਨਾਲ ਮੇਰਾ ਅਨੁਭਵ ਵੀ ਵਧ ਰਿਹਾ ਹੈ।" ਉਸ ਨੇ ਕਿਹਾ, ''ਮੈਂ ਕਦੀ ਨਹੀਂ ਸੋਚਦਾ ਕਿ ਮੈਨੂੰ ਟੀਮ 'ਚ ਜਗ੍ਹਾ ਬਣਾਉਣੀ ਪਵੇਗੀ। ਮੈਂ ਇਸ ਮਾਨਸਿਕਤਾ ਨਾਲ ਨਹੀਂ ਖੇਡ ਸਕਦਾ ਕਿਉਂਕਿ ਮੈਂ ਉਸ ਕਿਸਮ ਦਾ ਖਿਡਾਰੀ ਨਹੀਂ ਹਾਂ। ਭਾਵੇਂ ਮੈਂ ਵਿਸ਼ਵ ਕੱਪ ਟੀਮ ਵਿੱਚ ਨਹੀਂ ਚੁਣਿਆ ਜਾਂਦਾ, ਮੈਂ ਕੁਝ ਨਹੀਂ ਕਰ ਸਕਦਾ ਕਿਉਂਕਿ ਫੈਸਲਾ ਮੇਰੇ ਹੱਥ ਵਿੱਚ ਨਹੀਂ ਹੈ। ਮੈਂ ਹਮੇਸ਼ਾ ਟੀਮ ਦੀ ਜਿੱਤ 'ਚ ਯੋਗਦਾਨ ਦੇਣ ਲਈ ਖੇਡਣ ਦੀ ਕੋਸ਼ਿਸ਼ ਕਰਦਾ ਹਾਂ। 

ਇਹ ਵੀ ਪੜ੍ਹੋ : WI vs IND : ਟੀ-20 ਸੀਰੀਜ਼ 'ਚ ਭਾਰਤ ਦਾ ਪਲੜਾ ਭਾਰੀ, ਨੌਜਵਾਨਾਂ ਨੂੰ ਮਿਲੇਗਾ ਮੌਕਾ

ਹੇਠਲੇ ਕ੍ਰਮ ਵਿੱਚ ਬੱਲੇਬਾਜ਼ੀ ਕਰਨ ਵਾਲੇ ਸ਼ਾਰਦੁਲ ਦਾ ਮੰਨਣਾ ਹੈ ਕਿ ਟੀਮ ਵਿੱਚ ਉਸ ਦੀ ਭੂਮਿਕਾ ਹੈ ਅਤੇ ਇਸੇ ਲਈ ਉਹ ਦੋ ਸਾਲਾਂ ਤੋਂ ਵਨਡੇ ਟੀਮ ਦਾ ਨਿਯਮਤ ਹਿੱਸਾ ਹੈ। ਉਸ ਨੇ ਕਿਹਾ, ''ਮੈਂ ਸਿਰਫ ਇਕ ਵਨਡੇ ਸੀਰੀਜ਼ ਨਹੀਂ ਖੇਡੀ। ਮੈਂ ਭਾਰਤ 'ਚ ਸ਼੍ਰੀਲੰਕਾ ਖਿਲਾਫ ਸੀਰੀਜ਼ ਦਾ ਹਿੱਸਾ ਨਹੀਂ ਸੀ ਪਰ ਇਸ ਤੋਂ ਇਲਾਵਾ ਮੈਂ ਦੋ ਸਾਲਾਂ 'ਚ ਸਾਰੀਆਂ ਸੀਰੀਜ਼ ਖੇਡੀਆਂ ਹਨ। ਟੀਮ ਨੂੰ ਮੇਰੇ ਤੋਂ ਉਮੀਦਾਂ ਹਨ ਅਤੇ ਇਸ ਲਈ ਮੈਨੂੰ ਚੁਣਿਆ ਗਿਆ ਹੈ। ਜਦੋਂ ਵੀ ਮੈਨੂੰ ਮੌਕਾ ਮਿਲਦਾ ਹੈ, ਮੈਨੂੰ ਲੱਗਦਾ ਹੈ ਕਿ ਟੀਮ ਨੂੰ ਮੇਰੇ 'ਤੇ ਭਰੋਸਾ ਹੈ। 

ਉਸਨੇ ਕਿਹਾ,” ਪਿਛਲੇ ਕੁਝ ਸਾਲਾਂ ਵਿੱਚ, ਅਸੀਂ ਹੇਠਲੇ ਕ੍ਰਮ ਤੱਕ ਬੱਲੇਬਾਜ਼ੀ ਕਰਦੇ ਰਹੇ ਹਾਂ ਅਤੇ ਇੱਕ ਆਲਰਾਊਂਡਰ ਵਜੋਂ ਮੇਰੀ ਭੂਮਿਕਾ ਮਹੱਤਵਪੂਰਨ ਹੈ। ਮੈਂ ਆਪਣਾ ਸਰਵੋਤਮ ਯੋਗਦਾਨ ਦੇਣ ਦੀ ਕੋਸ਼ਿਸ਼ ਕਰਦਾ ਹਾਂ ਤਾਂ ਜੋ ਮੈਂ ਭਰੋਸਾ ਰੱਖ ਸਕਾਂ ਕਿ ਮੈਂ ਆਪਣਾ ਯਤਨ ਦਿੱਤਾ ਹੈ। “ਉਸ ਨੇ ਕਿਹਾ,” ਵਿਸ਼ਵ ਕੱਪ ਤੋਂ ਪਹਿਲਾਂ ਹਰ ਮੈਚ ਮਹੱਤਵਪੂਰਨ ਹੁੰਦਾ ਹੈ। ਤੁਹਾਨੂੰ ਹਰ ਵਿਭਾਗ ਵਿੱਚ ਆਪਣਾ ਮੁਲਾਂਕਣ ਕਰਨਾ ਹੋਵੇਗਾ। ਟੀਮ ਪ੍ਰਬੰਧਨ ਦੀ ਨਜ਼ਰ ਵੀ ਤੁਹਾਡੇ 'ਤੇ ਹੋਵੇਗੀ। ਸਾਡੇ ਲਈ ਨਿੱਜੀ ਤੌਰ 'ਤੇ ਵੀ ਹਰ ਮੈਚ ਮਹੱਤਵਪੂਰਨ ਹੈ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।

Tarsem Singh

This news is Content Editor Tarsem Singh