ਸਾਇਨਾ ਅਤੇ ਸਮੀਰ ਕੁਆਰਟਰ ਫਾਈਨਲ 'ਚ, ਸ਼੍ਰੀਕਾਂਤ ਹਾਰੇ

02/21/2020 11:38:45 AM

ਸਪੋਰਟਸ ਡੈਸਕ— ਲੰਡਨ ਓਲੰਪਿਕ ਦੀ ਕਾਂਸੀ ਤਮਗੇ ਜੇਤੂ ਸਾਇਨਾ ਨੇਹਵਾਲ ਨੇ ਵੀਰਵਾਰ ਨੂੰ ਇੱਥੇ ਉਕਰੇਨ ਦੀ ਮਾਰੀਆ ਉਲਿਟਿਨਾ ਨੂੰ ਸਿੱਧੇ ਗੇਮ 'ਚ ਹਰਾਕੇ 170000 ਡਾਲਰ ਇਨਾਮੀ ਬਾਰਸੀਲੋਨਾ ਸਪੇਨ ਮਾਸਟਰਸ ਬੈਡਮਿੰਟਨ ਟੂਰਨਾਮੈਂਟ ਦੇ ਮਹਿਲਾ ਸਿੰਗਲ ਕੁਆਰਟਰ ਫਾਈਨਲ 'ਚ ਜਗ੍ਹਾ ਬਣਾਈ। ਆਪਣੇ ਚੌਥੇ ਓਲੰਪਿਕ ਲਈ ਕੁਆਲੀਫਾਈ ਕਰਨ ਦੀ ਦੋੜ 'ਚ ਪਿਛੜ ਰਹੀ ਸਾਇਨਾ ਨੇ ਮਾਰੀਆ ਨੂੰ ਦੂਜੇ ਦੌਰ 'ਚ 21-10,21-19 ਨਾਲ ਹਰਾਇਆ। ਆਖਰੀ 8 ਦੇ ਮੁਕਾਬਲੇ 'ਚ ਸਾਇਨਾ ਦੀ ਦੌੜ ਥਾਈਲੈਂਡ ਦੀ ਤੀਜੀ ਬੁਸਾਨਨ ਓਂਗਬੈਮਰੁੰਗਫਾਨ ਨਾਲ ਹੋਵੇਗੀ।
ਸਮੀਰ ਵਰਮਾ ਨੇ ਵੀ ਸਖਤ ਮੁਕਾਬਲੇ 'ਚ ਜਰਮਨੀ ਦੇ ਕਾਈ ਸਕੀਫਰ ਨੂੰ 21-14,16-21,21-15 ਨਾਲ ਹਰਾ ਕੇ ਪੁਰਸ਼ ਸਿੰਗਲ ਕੁਆਰਟਰ ਫਾਈਨਲ 'ਚ ਜਗ੍ਹਾ ਬਣਾਈ। ਕੁਆਰਟਰ ਫਾਈਨਲ 'ਚ ਉਨ੍ਹਾਂ ਦਾ ਸਾਹਮਣਾ ਥਾਈਲੈਂਡ ਦੇ ਕੁਨਲਾਵੁਤ ਵਿਤੀਦਸਾਰਨ ਅਤੇ ਆਇਰਲੈਂਡ ਦੇ ਨਾਤ ਐਨਗੁਏਨ ਵਿਚਾਲੇ ਹੋਣ ਵਾਲੇ ਮੈਚ ਦੇ ਜੇਤੂ ਨਾਲ ਹੋਵੇਗਾ। ਦੁਨੀਆ ਦੇ ਸਾਬਕਾ ਨੰਬਰ ਇਕ ਖਿਡਾਰੀ ਕਿਦਾਂਬੀ ਸ਼੍ਰੀਕਾਂਤ ਦਾ ਖ਼ਰਾਬ ਪ੍ਰਦਰਸ਼ਨ ਜਾਰੀ ਰਿਹਾ ਅਤੇ ਉਨ੍ਹਾਂ ਨੂੰ ਹਮਵਤਨੀ ਭਾਰਤੀ ਖਿਡਾਰੀ ਅਜੇ ਜੈਰਾਮ ਖਿਲਾਫ 6-21,17-21 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ, ਜਿਸ ਦੇ ਨਾਲ ਉਨ੍ਹਾਂ ਦੀ ਓਲੰਪਿਕ ਲਈ ਕੁਆਲੀਫਾਈ ਕਰਨ ਦੀਆਂ ਉਮੀਦਾਂ ਨੂੰ ਝਟਕਾ ਲੱਗਾ ਹੈ। ਮਲੇਸ਼ੀਆ, ਇੰਡੋਨੇਸ਼ੀਆ ਅਤੇ ਥਾਈਲੈਂਡ ਦੇ ਪਹਿਲੇ ਦੌਰ 'ਚ ਹਾਰਨੇ ਵਾਲੇ ਸ਼੍ਰੀਕਾਂਤ ਨੂੰ ਓਲੰਪਿਕ 'ਚ ਕੁਆਲੀਫਾਈ ਕਰਨ ਲਈ ਟੂਰਨਾਮੈਂਟ ਜਿੱਤਣਾ ਹੋਵੇਗਾ ਜਾਂ ਲਗਾਤਾਰ ਟੂਰਨਾਮੈਂਟਾਂ ਦੇ ਕੁਆਟਰ ਫਾਈਨਲ ਅਤੇ ਸੈਮੀਫਾਈਨਲ 'ਚ ਜਗ੍ਹਾ ਬਣਾਉਣੀ ਹੋਵੇਗੀ।