ਮਿਹਨਤ ਨੂੰ ਪਿਆ ਬੂਰ : ਕਦੇ ਪਿਤਾ ਨਾਲ ਵੇਚਦੇ ਸਨ ਸਬਜ਼ੀ, ਹੁਣ ਨੀਰਜ ਭਾਰਤ ਲਈ ਕਰਨਗੇ ‘ਤੀਰਅੰਦਾਜ਼ੀ’

03/30/2022 6:17:08 PM

ਸਪੋਰਟਸ ਡੈਸਕ- ਕੋਰੋਨਾ ਮਹਾਮਾਰੀ 'ਚ ਆਰਥਿਕ ਤੰਗੀ ਦੇ ਬਾਵਜੂਦ ਪਿਤਾ ਦੇ ਨਾਲ ਰੇਹੜੀ 'ਤੇ ਸਬਜ਼ੀ ਵੇਚਦੇ ਹੋਏ ਨੀਰਜ ਚੌਹਾਨ ਨੇ ਤੀਰਕਮਾਨ ਫੜੇ ਰਖਿਆ ਤੇ ਤੀਰ ਨੂੰ ਟੀਚੇ ਤੋਂ ਹਟਣ ਨਹੀਂ ਦਿੱਤਾ। ਸਿੱਟੇ ਵਜੋਂ ਹੁਣ ਨੀਰਜ ਤੀਰਅੰਦਾਜ਼ੀ ਵਿਸ਼ਵ ਕੱਪ ਤੇ ਏਸ਼ੀਆਈ ਖੇਡਾਂ ਲਈ ਐਲਾਨੀ ਭਾਰਤੀ ਟੀਮ ਦਾ ਹਿੱਸਾ ਹਨ। ਭਾਰਤੀ ਖੇਡ ਅਥਾਰਿਟੀ (ਸਾਈ) ਦੇ ਸੋਨੀਪਤ ਕੇਂਦਰ 'ਚ ਬੀਤੇ ਐਤਵਾਰ 27 ਮਾਰਚ ਨੂੰ ਹੋਏ ਏਸ਼ੀਆਈ ਖੇਡ ਤੇ ਵਿਸ਼ਵ ਕੱਪ ਦੇ ਰਿਕਰਵ ਮੁਕਾਬਲੇ ਦੇ ਟ੍ਰਾਇਲ 'ਚ ਨੀਰਜ ਨੇ ਆਪਣੇ ਪ੍ਰਦਰਸ਼ਨ ਨਾਲ ਸਾਰਿਆਂ ਨੂੰ ਹੈਰਾਨ ਕਰਦੇ ਹੋਏ ਦੇਸ਼ 'ਚ ਦੂਜਾ ਸਥਾਨ ਹਾਸਲ ਕੀਤਾ। ਨੀਰਜ ਪਹਿਲੀ ਵਾਰ ਵਿਦੇਸ਼ੀ ਧਰਤੀ 'ਤੇ ਦੇਸ਼ ਦੀ ਨੁਮਾਇੰਦਗੀ ਕਰਨ ਜਾ ਰਹੇ ਹਨ। ਇਸ ਨੂੰ ਲੈ ਕੇ ਉਹ ਬਹੁਤ ਉਤਸ਼ਾਹਤ ਹਨ ਤੇ ਆਪਣਾ ਸਰਵਸ੍ਰੇਸ਼ਠ ਪ੍ਰਦਰਸ਼ਨ ਕਰਨ ਨੂੰ ਤਿਆਰ ਹਨ।

ਇਹ ਵੀ ਪੜ੍ਹੋ : IPL 2022 : ਸਾਰੀਆਂ ਟੀਮਾਂ ਨੇ ਖੇਡੇ ਇਕ-ਇਕ ਮੈਚ, ਜਾਣੋ ਪੁਆਇੰਟ ਟੇਬਲ 'ਤੇ ਆਪਣੀ ਪਸੰਦੀਦਾ ਟੀਮ ਦੀ ਸਥਿਤੀ ਬਾਰੇ

ਸੰਘਰਸ਼ ਭਰਪੂਰ ਰਿਹਾ ਸਫਰ
ਨੀਰਜ ਦੇ ਪਿਤਾ ਅਕਸ਼ੈ ਲਾਲ ਕੈਲਾਸ਼ ਪ੍ਰਕਾਸ਼ ਸਪੋਰਟਸ ਸਟੇਡੀਅਮ ਦੇ ਹੋਸਟਲ 'ਚ ਬਤੌਰ ਕੁੱਕ ਕਰੀਬ 25 ਸਾਲ ਤੋਂ ਅਸਥਾਈ ਕਰਮਚਾਰੀ ਦੇ ਤੌਰ 'ਤੇ ਕੰਮ ਕਰ ਰਹੇ ਹਨ। ਉਨ੍ਹਾਂ ਦੇ ਨਾਲ ਵੱਡਾ ਪੁੱਤਰ ਰਾਸ਼ਟਰੀ ਮੁੱਕੇਬਾਜ਼ ਸੁਨੀਲ ਚੌਹਾਨ ਤੇ ਛੋਟਾ ਪੁੱਤਰ ਨੀਰਜ ਵੀ ਸਟੇਡੀਅਮ 'ਚ ਹੀ ਰਹੇ। ਖੇਡ ਦੇ ਮਾਹੌਲ 'ਚ ਵੱਡੇ ਹੋਏ ਦੋਵੇਂ ਭਰਾਵਾਂ ਨੇ ਵੀ ਖੇਡ 'ਚ ਆਪਣੀ ਰੂਚੀ ਦਿਖਾਈ। ਖੇਡ ਵਿਭਾਗ ਦੇ ਅਧਿਕਾਰੀਆਂ ਨੇ ਉਨ੍ਹਾਂ ਦੇ ਮਾਲੀ ਹਾਲਾਤ ਨੂੰ ਦੇਖਦੇ ਹੋਏ ਅਕਸ਼ੈ ਦੇ ਬਿਨਾ ਪੈਸੇ ਦੇ ਰਹਿਣ , ਖਾਣ ਤੇ ਬੱਚਿਆਂ ਦੀ ਸਿਖਲਾਈ ਦੀ ਵਿਵਸਥਾ ਕੀਤੀ। ਨੀਰਜ ਕੋਲ ਤੀਰਅੰਦਾਜ਼ੀ ਦੇ ਆਧੁਨਿਕ ਉਪਕਰਨ ਵੀ ਨਹੀਂ ਸਨ। ਇਸੇ ਦੌਰਾਨ ਕੋਰੋਨਾ ਮਹਾਮਾਰੀ ਦੇ ਦੌਰਾਨ ਹੋਸਟਲ ਬੰਦ ਹੋਏ ਤਾਂ ਅਕਸ਼ੈ ਦੀ ਨੌਕਰੀ ਵੀ ਚਲੀ ਗਈ। ਉਨ੍ਹਾਂ ਨੇ ਸਬਜ਼ੀ ਦੀ ਰੇਹੜੀ ਲਗਾਈ ਤੇ ਨੀਰਜ ਨੇ ਵੀ ਭਰਾ ਦੇ ਨਾਲ ਪਿਤਾ ਨਾਲ ਸਬਜ਼ੀ ਵੇਚਣ ਦਾ ਕੰਮ ਕੀਤਾ।

ਮਦਦ ਮਿਲੀ ਤਾਂ ਤੀਰਅੰਦਾਜ਼ੀ 'ਚ ਆਈ ਧਾਰ 
ਕੇਂਦਰੀ ਖੇਡ ਮੰਤਰਾਲਾ ਵਲੋਂ ਪੰਡਿਤ ਦੀਨਦਿਆਲ ਉਪਾਧਿਆਏ ਨੈਸ਼ਨਲ ਵੈਲਫੇਅਰ ਫੰਡ ਫਾਰ ਸਪੋਰਟਸ ਪਰਸਨ ਦੇ ਤਹਿਤ ਦੋਵੇਂ ਭਰਾਵਾਂ ਨੂੰ ਪੰਜ-ਪੰਜ ਲੱਖ ਦੀ ਮਾਲੀ ਮਦਦ ਮਿਲੀ। ਇਸ ਤੋਂ ਬਾਅਦ ਨੀਰਜ ਨੇ ਖੇਡ ਦੇ ਆਧੁਨਿਕ ਉਪਕਰਣ ਖਰੀਦੇ। ਭੋਜਨ 'ਤੇ ਵਿਸ਼ੇਸ਼ ਧਿਆਨ ਦਿੰਦੇ ਹੋਏ ਉਹ ਸਟੇਡੀਅਮ 'ਚ ਹੀ ਪ੍ਰੈਕਟਿਸ ਕਰਨ ਲੱਗੇ। 22 ਮਾਰਚ ਨੂੰ ਜੰਮੂ 'ਚ ਹੋਈ ਸੀਨੀਅਰ ਰਾਸ਼ਟਰੀ ਤੀਰਅੰਦਾਜ਼ੀ 'ਚ ਨੀਰਜ ਨੇ ਟੀਮ ਮੁਕਾਬਲੇ 'ਚ ਚਾਂਦੀ ਦਾ ਤਮਗ਼ਾ ਜਿੱਤ ਕੇ ਸਾਰਿਆਂ ਦਾ ਧਿਆਨ ਆਕਰਸ਼ਿਤ ਕੀਤਾ। ਇੱਥੇ ਉਨ੍ਹਾਂ ਨੂੰ 17ਵੀਂ ਰੈਂਕ ਮਿਲੀ ਸੀ।

ਇਹ ਵੀ ਪੜ੍ਹੋ : ਵਿਰਾਟ ਕੋਹਲੀ ਫਿਰ ਚੁਣੇ ਗਏ ਦੇਸ਼ ਦੇ ਮਸ਼ਹੂਰ ਸੈਲੀਬ੍ਰਿਟੀ ਬ੍ਰਾਂਡ, ਰਣਵੀਰ ਸਿੰਘ ਨੇ ਅਕਸ਼ੈ ਨੂੰ ਪਛਾੜਿਆ

ਖੇਡ ਕੋਟੇ ਨਾਲ ਆਈ. ਟੀ. ਬੀ. ਪੀ. 'ਚ ਮਿਲਿਆ ਮੌਕਾ
ਨੀਰਜ ਨੇ 2013 'ਚ ਤੀਰਅੰਦਾਜ਼ੀ ਟ੍ਰੇਨਿੰਗ ਸ਼ੁਰੂ ਕੀਤੀ। ਸਟੇਡੀਅਮ 'ਚ ਕਦੀ ਕੋਚ ਰਹੇ ਤੇ ਕਦੀ ਬਿਨਾ ਕੋਚ ਦੇ ਹੀ ਅਭਿਆਸ ਕੀਤਾ। 2018 ਤੇ 2021 'ਚ ਨੀਰਜ ਨੇ ਪੁਣੇ ਤੇ ਦੇਹਰਾਦੂਨ 'ਚ ਆਯੋਜਿਤ ਜੂਨੀਅਰ ਰਾਸ਼ਟਰੀ ਤੇ ਸੀਨੀਅਰ ਰਾਸ਼ਟਰੀ 'ਚ ਚਾਂਦੀ ਦਾ ਤਮਗ਼ਾ ਜਿੱਤਿਆ। 18 ਸਾਲ ਦੀ ਉਮਰ ਹੋਣ 'ਤੇ ਪਿਛਲੇ ਸਾਲ ਮਾਰਚ 'ਚ ਆਈ. ਟੀ. ਬੀ. ਪੀ. 'ਚ ਕਾਂਸਟੇਬਲ ਅਹੁਦੇ ਲਈ ਚੁਣੇ ਗਏ। ਨੀਰਜ ਦਸਦੇ ਹਨ ਕਿ ਹੁਣ ਉਨ੍ਹਾਂ ਦਾ ਟੀਚਾ ਦੇਸ਼ ਲਈ ਤਮਗ਼ਾ ਜਿੱਤਣਾ ਤੇ ਪਰਿਵਾਰ ਦੀ ਆਰਥਿਕ ਸਥਿਤੀ ਨੂੰ ਮਜ਼ਬੂਤ ਕਰਨਾ ਹੈ। ਅਕਸ਼ੈ ਨੇ ਬੱਚਿਆਂ ਲਈ ਇਕ ਕਾਲੋਨੀ 'ਚ ਜ਼ਮੀਨ ਲਈ ਹੈ ਤੇ ਵਰਤਮਾਨ 'ਚ ਸਟੇਡੀਅਮ ਦੇ ਬਾਹਰ ਫੁੱਟਪਾਥ 'ਤੇ ਢਾਬਾ ਚਲਾਉਂਦੇ ਹਨ। ਸੁਨੀਲ ਮੁੱਕੇਬਾਜ਼ੀ ਪ੍ਰਤੀਯੋਗਿਤਾ ਦੀ ਤਿਆਰੀ ਕਰ ਰਹੇ ਹਨ।

ਇਨ੍ਹਾਂ ਪ੍ਰਤੀਯੋਗਿਤਾਵਾਂ 'ਚ ਹਿੱਸਾ ਲੈਣਗੇ ਨੀਰਜ
ਵਿਸ਼ਵ ਕੱਪ ਪੜਾਅ - ਇਕ : 17-24 ਅਪ੍ਰੈਲ, ਅੰਟਾਲਿਆ, ਟਰਕੀ
ਵਿਸ਼ਵ ਕੱਪ ਪੜਾਅ - ਦੋ : 15-22 ਮਈ, ਸ਼ੰਘਾਈ, ਚੀਨ
ਵਿਸ਼ਵ ਕੱਪ ਪੜਾਅ - ਤਿੰਨ : 19-26 ਜੂਨ, ਪੈਰਿਸ ਫਰਾਂਸ
ਏਸ਼ੀਆਈ ਖੇਡ : 10-25 ਸਤੰਬਰ, ਹਾਂਗਝੋ, ਚੀਨ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ। 


Tarsem Singh

Content Editor

Related News