''ਬਾਸਕਟਬਾਲ ਦੀ ਖੇਡ ਨੂੰ ਪ੍ਰਫੁਲਿਤ ਕਰਨ ਲਈ ਅਮਰੀਕਾ ਵਰਗੀਆਂ ਸਹੂਲਤਾਂ ਦੀ ਲੋੜ''

08/31/2017 2:46:28 AM

ਨਵੀਂ ਦਿੱਲੀ— ਅਮਰੀਕਾ ਦੇ ਐੱਨ. ਬੀ. ਏ. ਬਾਸਕਟਬਾਲ ਲੀਗ ਦੇ ਡਰਾਫਟ ਵਿਚ ਉਤਰਨ ਵਾਲੇ ਪਹਿਲੇ ਭਾਰਤੀ ਖਿਡਾਰੀ ਸਤਨਾਮ ਸਿੰਘ ਭੰਮਰਾ ਦਾ ਕਹਿਣਾ ਹੈ ਕਿ ਜੇਕਰ ਭਾਰਤ ਵਿਚ ਬਾਸਕਟਬਾਲ ਖੇਡ ਦੇ ਪੱਧਰ ਨੂੰ ਉੱਚਾ ਕਰਨਾ ਹੈ ਤਾਂ ਇੱਥੋਂ ਦੇ ਖਿਡਾਰੀਆਂ ਨੂੰ ਅਮਰੀਕਾ ਵਰਗੀਆਂ ਸਹੂਲਤਾਂ ਦੇਣੀਆਂ ਪੈਣਗੀਆਂ।
ਪੰਜਾਬ ਦੇ ਲੁਧਿਆਣਾ ਦਾ ਸਤਨਾਮ ਇਸ ਸਮੇਂ ਭਾਰਤ ਦੌਰੇ 'ਤੇ ਹੈ ਤੇ ਇਕ ਕਰਾਰ ਦੇ ਸਿਲਸਿਲੇ ਵਿਚ ਉਹ ਬੁੱਧਵਾਰ ਨੂੰ ਰਾਜਧਾਨੀ ਦਿੱਲੀ 'ਚ ਮੌਜੂਦ ਸੀ। ਉਸ ਦੇ ਨਾਲ ਪੰਜਾਬ ਦਾ ਪਹਿਲਵਾਨ ਤੇ ਆਈ. ਐੱਫ. ਬੀ. ਬੀ. ਦਾ  ਕਾਰਡ ਰੱਖਣ ਵਾਲਾ ਭਾਰਤ ਦਾ ਪਹਿਲਾ ਪ੍ਰੋਫੈਸ਼ਨਲ ਬਾਡੀ ਬਿਲਡਰ ਵਰਿੰਦਰ ਸਿੰਘ ਘੁੰਮਣ ਵੀ ਮੌਜੂਦ ਸੀ। ਦੋਵਾਂ ਨੇ ਐਂਗ੍ਰਿਸ਼ ਬ੍ਰਦਰਜ਼ ਹੋਲਡਿੰਗਸ ਕੰਪਨੀ ਨਾਲ ਕਰਾਰ ਕੀਤਾ, ਜਿਹੜੀ ਭਾਰਤ 'ਚ ਉਨ੍ਹਾਂ ਦੇ ਰਾਹੀਂ ਬਾਸਕਟਬਾਲ ਤੇ ਬਾਡੀ ਬਿਲਡਿੰਗ ਦੇ ਪ੍ਰਚਾਰ ਦਾ ਕੰਮ ਕਰੇਗੀ। 
ਭਾਰਤ ਤੇ ਅਮਰੀਕਾ ਦੀ ਬਾਸਕਟਬਾਲ ਵਿਚਾਲੇ ਵੱਡੇ ਫਰਕ ਨੂੰ ਦਰਸਾਉਂਦੇ ਹੋਏ ਸਤਨਾਮ ਨੇ ਕਿਹਾ ਕਿ ਉਥੇ ਤੇ ਇਥੇ ਬਹੁਤ ਫਰਕ ਹੈ। ਭਾਰਤ ਵਿਚ ਇਸ ਖੇਡ ਦਾ ਭਵਿੱਖ ਹੈ ਪਰ ਜਦੋਂ ਤਕ ਸਹੂਲਤਾਂ ਨਹੀਂ ਮਿਲਣਗੀਆਂ, ਉਦੋਂ ਤਕ ਕੁਝ ਨਹੀਂ ਹੋ ਸਕੇਗਾ।
ਭਾਰਤ ਵਿਚ ਐੱਨ. ਬੀ. ਏ. ਦੇ ਲੀਜੈਂਡ ਖਿਡਾਰੀਆਂ ਦੇ ਦੌਰਿਆਂ ਤੇ ਗ੍ਰੇਟਰ ਨੋਇਡਾ ਵਿਚ ਐੱਨ. ਬੀ. ਏ. ਦੀ ਅਕੈਡਮੀ ਖੋਲ੍ਹਣ ਨਾਲ ਇਸ ਖੇਡ 'ਤੇ ਪੈਣ ਵਾਲੇ ਪ੍ਰਭਾਵ ਨੂੰ ਸਵੀਕਾਰ ਕਰਦਿਆਂ 7 ਫੁੱਟ 2 ਇੰਚ ਲੰਬੇ ਸਤਨਾਮ ਨੇ ਕਿਹਾ ਕਿ ਖਿਡਾਰੀਆਂ ਦੇ ਆਉਣ ਨਾਲ ਤੇ ਅਕੈਡਮੀ ਖੋਲ੍ਹਣ ਨਾਲ ਨੌਜਵਾਨ ਪੀੜ੍ਹੀ ਨੂੰ ਉਤਸ਼ਾਹ ਮਿਲੇਗਾ ਤੇ ਉਹ ਇਸ ਖੇਡ ਵੱਲ ਆਉਣ ਲਈ ਉਤਸ਼ਾਹਿਤ ਹੋਣਗੇ।