ਨਵੀਨ ਨੂੰ ਚਾਂਦੀ, ਦੀਪਕ ਨੇ ਵੀ ਫਾਈਨਲ ''ਚ ਪਹੁੰਚ ਤਮਗਾ ਕੀਤਾ ਪੱਕਾ

09/23/2018 7:26:35 PM

ਨਵੀਂ ਦਿੱਲੀ : ਭਾਰਤ ਦੇ ਨਵੀਨ ਨੂੰ ਸਲੋਵਾਕੀਆ ਦੇ ਟ੍ਰਨਾਵਾ ਵਿਚ ਚੱਲ ਰਹੀ ਜੂਨੀਅਰ ਵਿਸ਼ਵ ਕੁਸ਼ਤੀ ਚੈਂਪੀਅਨਸ਼ਿਪ ਵਿਚ 57 ਕਿ. ਗ੍ਰਾ. ਫ੍ਰੀ ਸਟਾਈਲ ਵਰਗ ਦੇ ਫਾਈਨਲ ਵਿਚ ਹਾਰ ਕੇ ਚਾਂਦੀ ਤਮਗੇ ਨਾਲ ਸਬਰ ਕਰਨਾ ਪਿਆ, ਜਦਕਿ ਦੀਪਕ ਪੂਨੀਆ ਨੇ 86 ਕਿ. ਗ੍ਰਾ. ਫ੍ਰੀ ਸਟਾਈਲ ਵਰਗ ਦੇ ਫਾਈਨਲ ਵਿਚ ਪਹੁੰਚ ਕੇ ਦੇਸ਼ ਦੀਆਂ ਇਸ ਚੈਂਪੀਅਨਸ਼ਿਪ ਵਿਚ 17 ਸਾਲਾਂ ਤੋਂ ਬਾਅਦ ਸੋਨਾ ਹਾਸਲ ਕਰਨ ਦੀਆਂ ਉਮੀਦਾਂ ਨੂੰ ਬਰਕਰਾਰ ਰੱਖਿਆ ਹੈ। ਨਵੀਨ ਨੇ ਸੈਮੀਫਾਈਨਲ  ਵਿਚ ਅਮਰੀਕਾ ਦੇ ਦਾਤੋਨ ਦੁਏਨ ਫਿਕਸ ਨੂੰ 5-4 ਨਾਲ ਹਰਾ ਕੇ ਫਾਈਨਲ ਵਿਚ ਜਗ੍ਹਾ ਬਣਾਈ ਪਰ ਫਾਈਨਲ ਵਿਚ ਰੂਸ ਦੇ ਅਖਮਦ ਇਦ੍ਰਿਸੋਵ ਨੇ ਭਾਰਤੀ ਪਹਿਲਵਾਨ ਨੂੰ ਇਕਤਰਫਾ ਅੰਦਾਜ਼ ਵਿਚ 12-1 ਨਾਲ ਹਰਾ ਦਿੱਤਾ। ਨਵੀਨ ਨੂੰ ਚਾਂਦੀ ਨਾਲ ਸਬਰ ਕਰਨਾ ਪਿਆ। ਭਾਰਤ ਦਾ ਇਸ ਪ੍ਰਤੀਯੋਗਿਤਾ ਵਿਚ ਇਹ ਤੀਜਾ ਚਾਂਦੀ ਤਮਗਾ ਹੈ। ਭਾਰਤ ਨੇ ਇਸ ਤੋਂ ਪਹਿਲਾਂ ਗ੍ਰੀਕੋ ਰੋਮਨ ਵਿਚ ਦੋ ਚਾਂਦੀ ਤਮਗੇ ਜਿੱਤੇ ਸਨ।

ਇਸ ਵਿਚਾਲੇ ਪੂਨੀਆ ਨੇ 86 ਕਿ. ਗ੍ਰਾ. ਵਿਚ ਮੋਲਦੋਵ ਦੇ ਇਵਾਨ ਨੇਦੇਲਕੋ ਨੂੰ 6-2 ਨਾਲ ਹਰਾ ਕੇ ਫਾਈਨਲ ਵਿਚ ਜਗ੍ਹਾ ਬਣਾ ਲਈ, ਜਿੱਥੇ ਹੁਣ ਉਸਦੇ ਸਾਹਮਣੇ ਤੁਰਕੀ ਦੇ ਆਰਿਫ ਓਜੇਨ ਦੀ ਚੁਣੌਤੀ ਹੋਵੇਗੀ। ਦੀਪਕ ਇਸ ਪ੍ਰਤੀਯੋਗਿਤਾ ਦੇ ਫਾਈਨਲ ਵਿਚ ਪਹੁੰਚਣ ਵਾਲੇ ਚੌਥੇ ਭਾਰਤੀ ਪਹਿਲਵਾਨ ਬਣੇ ਹਨ। ਭਾਰਤ ਨੂੰ ਇਸ ਪ੍ਰਤੀਯੋਗਿਤਾ ਵਿਚ ਪਿਛਲੇ 17 ਸਾਲਾਂ ਤੋਂ ਪਹਿਲੇ ਸੋਨ ਤਮਗੇ ਦਾ ਇੰਤਜ਼ਾਰ ਹੈ। ਭਾਰਤ ਨੇ ਇਸ ਚੈਂਪੀਅਨਸ਼ਿਪ ਵਿਚ ਆਖਰੀ ਵਾਰ ਸੋਨ ਤਮਗਾ 2001 ਵਿਚ ਬੁਲਗਾਰੀਆ ਦੇ ਸੋਫੀਆ ਵਿਚ ਆਯੋਜਿਤ ਟੂਰਨਾਮੈਂਟ ਵਿਚ ਜਿੱਤਿਆ ਸੀ। ਉਸ ਟੂਰਨਾਮੈਂਟ ਵਿਚ ਭਾਰਤ ਨੇ ਦੋ ਸੋਨ ਤਮਗੇ ਆਪਣੇ ਨਾਂ ਕੀਤੇ ਸਨ। ਤੋਂ ਤੋਂ ਭਾਰਤ ਦੇ ਹਿੱਸੇ ਸੋਨਾ ਨਹੀਂ ਆਇਆ।