ਸ਼ੁੱਕਰਵਾਰ ਤੋਂ ਸ਼ੁਰੂ ਹੋਵੇਗੀ ਨੇਤਰਹੀਣਾਂ ਦੀਆਂ ਰਾਸ਼ਟਰੀ ਖੇਡਾਂ

01/12/2018 3:19:20 AM

ਲੁਧਿਆਣਾ (ਪਰਮਿੰਦਰ, ਸਲੂਜਾ) - ਲੁਧਿਆਣਾ ਦੇ ਗੁਰੂ ਨਾਨਕ ਸਟੇਡੀਅਮ ਵਿਖੇ ਐੱਨ. ਐੱਫ. ਬੀ. ਦੇ ਕੌਮੀ ਜਨਰਲ ਸਕੱਤਰ ਐਡਵੋਕੇਟ ਐੱਸ. ਕੇ. ਰੌਂਗਟਾ ਦੀ ਸਰਪ੍ਰਸਤੀ ਹੇਠ ਨੇਤਰਹੀਣਾਂ ਦੀਆਂ ਰਾਸ਼ਟਰੀ ਖੇਡਾਂ 13 ਤੋਂ 15 ਜਨਵਰੀ ਤੱਕ ਆਯੋਜਿਤ ਕੀਤੀਆਂ ਜਾ ਰਹੀਆਂ ਹਨ। ਇਨ੍ਹਾਂ ਖੇਡਾਂ ਵਿਚ ਹਿੱਸਾ ਲੈਣ ਲਈ ਵੱਖ-ਵੱਖ ਸੂਬਿਆਂ ਤੋਂ ਖਿਡਾਰੀ ਪੁੱਜਣੇ ਸ਼ੁਰੂ ਹੋ ਗਏ ਹਨ।
ਖੇਡਾਂ ਦੇ ਮੁੱਖ ਪ੍ਰਬੰਧਕ ਗੁਰਪ੍ਰੀਤ ਸਿੰਘ ਚਾਹਲ, ਪ੍ਰਧਾਨ ਵਿਵੇਕ ਮੌਂਗਾ ਅਤੇ ਜਨਰਲ ਸਕੱਤਰ ਬਲਵਿੰਦਰ ਸਿੰਘ ਚਾਹਲ ਨੇ ਦੱਸਿਆ ਕਿ ਨੈਸ਼ਨਲ ਫੈੱਡਰੇਸ਼ਨ ਆਫ ਦਾ ਬਲਾਈਂਡ ਨਵੀਂ ਦਿੱਲੀ ਦੀ ਪੰਜਾਬ ਇਕਾਈ ਵੱਲੋਂ ਆਯੋਜਿਤ ਖੇਡਾਂ ਦੇ ਜੇਤੂ ਰਹਿਣ ਵਾਲੇ ਖਿਡਾਰੀਆਂ ਨੂੰ 3 ਲੱਖ 50 ਹਜ਼ਾਰ ਰੁਪਏ ਦੇ ਨਕਦ ਇਨਾਮ ਦੇਣ ਦੇ ਨਾਲ ਹੀ ਖਿਡਾਰੀਆਂ ਨੂੰ ਆਉਣ-ਜਾਣ ਲਈ ਰੇਲਵੇ ਦਾ ਕਿਰਾਇਆ ਵੀ ਦਿੱਤਾ ਜਾਵੇਗਾ। ਖੇਡਾਂ ਦਾ ਉਦਘਾਟਨ ਸਰਬੱਤ ਦਾ ਭਲਾ ਚੈਰੀਟੇਬਲ ਟਰਸੱਟ ਦੇ ਮੁੱਖ ਸੇਵਾਦਾਰ ਡਾ. ਐੱਸ. ਪੀ. ਸਿੰਘ ਬੋਪਾਰਾਏ, ਸੁਆਮੀ ਸ਼ੰਕਰਾਨੰਦ ਜੀ ਭੂਰੀ ਵਾਲੇ ਤਲਵੰਡੀ ਧਾਮ ਅਤੇ ਗੁਰਦੁਆਰਾ ਦੂਖ ਨਿਵਾਰਨ ਸਾਹਿਬ ਦੇ ਪ੍ਰਧਾਨ ਪ੍ਰਿਤਪਾਲ ਸਿੰਘ ਵੱਲੋਂ ਕੀਤਾ ਜਾਵੇਗਾ। ਸਮਾਗਮ ਦੀ ਪ੍ਰਧਾਨਗੀ ਡਿਪਟੀ ਕਮਿਸ਼ਨਰ ਪ੍ਰਦੀਪ ਅਗਰਵਾਲ ਕਰਨਗੇ ਤੇ ਵਿਸ਼ੇਸ਼ ਮਹਿਮਾਨ ਵਜੋਂ ਵਿਧਾਇਕ ਭਾਰਤ ਭੂਸ਼ਣ ਆਸ਼ੂ ਪੁੰਹਚਣਗੇ। ਇਸ ਮੌਕੇ ਡਿਪਟੀ ਡਾਇਰੈਕਟਰ ਤੇ ਜ਼ਿਲਾ ਖੇਡ ਅਫਸਰ ਕਰਤਾਰ ਸਿੰਘ ਨੇ ਖੇਡ ਵਿਭਾਗ ਵੱਲੋਂ ਪੂਰਾ ਸਹਿਯੋਗ ਦੇਣ ਦਾ ਵਾਅਦਾ ਕੀਤਾ।