ਪਾਕਿ ਦੇ ਇਸ 16 ਸਾਲਾ ਗੇਂਦਬਾਜ਼ ਨੇ 5 ਵਿਕਟਾਂ ਝਟਕਾ ਕੇ ਰਚਿਆ ਇਤਿਹਾਸ

12/23/2019 2:43:50 PM

ਸਪੋਰਟਸ ਡੈਸਕ— ਪਾਕਿਸਤਾਨ ਕ੍ਰਿਕਟ ਟੀਮ ਦੇ ਯੁਵਾ ਗੇਂਦਬਾਜ਼ ਨਸੀਮ ਸ਼ਾਹ ਨੇ ਸ਼੍ਰੀਲੰਕਾਈ ਟੀਮ ਦੇ 5 ਵਿਕਟ ਝਟਕਾ ਕੇ ਇਤਿਹਾਸ ਰਚ ਦਿੱਤਾ ਹੈ।  ਨਸੀਮ ਅਜਿਹਾ ਕਰਨ ਵਾਲੇ ਦੁਨੀਆ ਦੇ ਸਭ ਤੋਂ ਯੁਵਾ ਗੇਂਦਬਾਜ਼ ਬਣ ਗਏ ਹਨ। ਇਸ ਦੇ ਨਾਲ ਹੀ ਪਾਕਿ ਨੇ ਦੂਜੇ ਟੈਸਟ 'ਚ 263 ਦੌੜਾਂ ਦੀ ਵੱਡੀ ਜਿੱਤ ਹਾਸਲ ਕਰਕੇ ਸੀਰੀਜ਼ 'ਤੇ 1-0 ਨਾਲ ਕਬਜ਼ਾ ਕੀਤਾ।

16 ਸਾਲ 311 ਦਿਨ ਦੇ ਨਸੀਮ ਕਿਸੇ ਟੈਸਟ ਮੈਚ ਦੀ ਇਕ ਪਾਰੀ 'ਚ 5 ਵਿਕਟਾਂ ਹਾਸਲ ਕਰਨ ਵਾਲੇ ਵਿਸ਼ਵ ਦੇ ਸਭ ਤੋਂ ਯੁਵਾ ਗੇਂਦਬਾਜ਼ ਬਣ ਗਏ ਹਨ। ਇਸ ਤੋਂ ਪਹਿਲਾਂ ਵੀ ਇਕ ਪਾਰੀ 'ਚ ਸਭ ਤੋਂ ਜ਼ਿਆਦਾ ਵਿਕਟ ਲੈਣ ਵਾਲੇ ਯੁਵਾ ਖਿਡਾਰੀ ਪਾਕਿਸਤਾਨ ਦੇ ਹੀ ਸਨ ਅਤੇ ਉਨ੍ਹਾਂ ਦਾ ਨਾਂ ਹੈ ਮੁਹੰਮਦ ਆਮਿਰ। ਤੇਜ਼ ਗੇਂਦਬਾਜ਼ ਆਮਿਰ ਨੇ 17 ਸਾਲ 257 ਦਿਨ 'ਚ ਇਹ ਕਮਾਲ ਕੀਤਾ ਸੀ।

ਨਸੀਮ ਸ਼ਾਹ ਨੇ ਪਹਿਲੀ ਪਾਰੀ 'ਚ 16 ਓਵਰ ਖਿਡਾਏ ਅਤੇ ਇਸ ਦੌਰਾਨ ਉਨ੍ਹਾਂ ਨੇ 71 ਦੌੜਾਂ ਦਿੱਤੀਆਂ ਪਰ ਕੋਈ ਵੀ ਵਿਕਟ ਨਹੀਂ ਲੈ ਪਾਏ। ਦੂਜੀ ਪਾਰੀ 'ਚ ਉਹ ਬੱਲੇਬਾਜ਼ਾਂ 'ਤੇ ਹਾਵੀ ਰਹੇ ਅਤੇ 12.5 ਓਵਰ ਖਿਡਾਉਂਦੇ ਹੋਏ 31 ਦੌੜਾਂ ਦੇ ਕੇ 5 ਵਿਕਟ ਆਪਣੇ ਨਾਂ ਕੀਤੇ। ਇਸ ਦੌਰਾਨ ਉਨ੍ਹਾਂ ਨੇ 4 ਓਵਰ ਖਾਲੀ ਵੀ ਕੱਢੇ।

ਜ਼ਿਕਰਯੋਗ ਹੈ ਕਿ ਪਾਕਿਸਤਾਨ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਪਹਿਲੀ ਪਾਰੀ 'ਚ 191 ਦੌੜਾਂ ਬਣਾਈਆਂ। ਇਸ ਦੇ ਜਵਾਬ 'ਚ ਸ਼੍ਰੀਲੰਕਾ ਨੇ 271 ਦੌੜਾਂ ਬਣਾਈਆਂ। ਦੂਜੀ ਇਨਿੰਗ 'ਚ ਪਾਕਿਸਤਾਨੀ ਬੱਲੇਬਾਜ਼ਾਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ 555 ਦੌੜਾਂ 'ਤੇ ਪਾਰੀ ਐਲਾਨੀ ਅਤੇ ਇਸ ਤੋਂ ਬਾਅਦ ਜਵਾਬ 'ਚ ਉਤਰੀ ਸ਼੍ਰੀਲੰਕਾਈ ਟੀਮ ਨੂੰ 212 ਦੌੜਾਂ 'ਤੇ ਰੋਕ ਕੇ ਪਾਕਿ ਟੀਮ ਨੇ ਮੈਚ ਨੂੰ 263 ਦੌੜਾਂ ਦੇ ਵੱਡੇ ਫਰਕ ਨਾਲ ਆਪਣੇ ਨਾਂ ਕਰ ਲਿਆ।

Tarsem Singh

This news is Content Editor Tarsem Singh