ਨੈਰੋਬੀ ਕਰੇਗਾ 2029 ਵਿਸ਼ਵ ਅਥਲੈਟਿਕਸ ਚੈਂਪੀਅਨਸ਼ਿਪ ਦੀ ਮੇਜ਼ਬਾਨੀ

Tuesday, Sep 15, 2026 - 04:49 PM (IST)

ਨੈਰੋਬੀ ਕਰੇਗਾ 2029 ਵਿਸ਼ਵ ਅਥਲੈਟਿਕਸ ਚੈਂਪੀਅਨਸ਼ਿਪ ਦੀ ਮੇਜ਼ਬਾਨੀ

ਸਪੋਰਟਸ ਡੈਸਕ- ਖੇਡਾਂ ਦੀ ਦੁਨੀਆ ਵਿੱਚ ਇੱਕ ਵੱਡਾ ਇਤਿਹਾਸ ਰਚਦਿਆਂ, ਕੀਨੀਆ ਦੀ ਰਾਜਧਾਨੀ ਨੈਰੋਬੀ ਨੂੰ ਸਾਲ 2029 ਦੀ ਵਿਸ਼ਵ ਅਥਲੈਟਿਕਸ ਚੈਂਪੀਅਨਸ਼ਿਪ ਦੀ ਮੇਜ਼ਬਾਨੀ ਸੌਂਪੀ ਗਈ ਹੈ। ਇਹ ਪਹਿਲੀ ਵਾਰ ਹੈ ਜਦੋਂ ਇਹ ਵੱਕਾਰੀ ਵਿਸ਼ਵ ਪੱਧਰੀ ਟੂਰਨਾਮੈਂਟ ਅਫ਼ਰੀਕੀ ਮਹਾਂਦੀਪ ਵਿੱਚ ਆਯੋਜਿਤ ਕੀਤਾ ਜਾਵੇਗਾ। ਲੰਬੀ ਦੂਰੀ ਦੀਆਂ ਦੌੜਾਂ ਵਿੱਚ ਵਿਸ਼ਵ ਭਰ ਵਿੱਚ ਆਪਣੀ ਧਾਕ ਜਮਾਉਣ ਵਾਲੇ ਕੀਨੀਆ ਲਈ ਇਹ ਇੱਕ ਵੱਡੀ ਉਪਲਬਧੀ ਹੈ, ਕਿਉਂਕਿ ਉਸਨੇ ਪਹਿਲਾਂ ਕਦੇ ਇੰਨੇ ਵੱਡੇ ਪੱਧਰ ਦੇ ਅੰਤਰਰਾਸ਼ਟਰੀ ਖੇਡ ਸਮਾਗਮ ਦੀ ਮੇਜ਼ਬਾਨੀ ਨਹੀਂ ਕੀਤੀ ਹੈ। ਵਿਸ਼ਵ ਅਥਲੈਟਿਕਸ ਦੇ ਪ੍ਰਧਾਨ ਸਬੈਸਟਿਅਨ ਕੋ ਨੇ ਹੰਗਰੀ ਵਿੱਚ ਇਸ ਇਤਿਹਾਸਕ ਫੈਸਲੇ ਦਾ ਐਲਾਨ ਕਰਦਿਆਂ ਕਿਹਾ ਕਿ ਅਥਲੈਟਿਕਸ ਕੀਨੀਆ ਦੇ ਸੱਭਿਆਚਾਰ ਦਾ ਅਹਿਮ ਹਿੱਸਾ ਹੈ ਅਤੇ ਚੈਂਪੀਅਨਸ਼ਿਪ ਨੂੰ ਅਫ਼ਰੀਕਾ ਲੈ ਕੇ ਜਾਣਾ ਇੱਕ ਇਤਿਹਾਸਕ ਕਦਮ ਹੈ। ਇਸ ਤੋਂ ਇਲਾਵਾ, 2031 ਦੀ ਚੈਂਪੀਅਨਸ਼ਿਪ ਦੀ ਮੇਜ਼ਬਾਨੀ ਜਰਮਨੀ ਦਾ ਮਿਊਨਿਖ ਸ਼ਹਿਰ ਕਰੇਗਾ।

ਇਸ ਇਤਿਹਾਸਕ ਮੇਜ਼ਬਾਨੀ ਨਾਲ ਜਿੱਥੇ ਖੇਡ ਜਗਤ ਵਿੱਚ ਕੀਨੀਆ ਦੀ ਪਛਾਣ ਹੋਰ ਮਜ਼ਬੂਤ ਹੋਵੇਗੀ, ਉੱਥੇ ਹੀ ਦੇਸ਼ ਵਿੱਚ ਵੱਧ ਰਹੇ ਡੋਪਿੰਗ ਦੇ ਮਾਮਲਿਆਂ ਕਾਰਨ ਇਹ ਫੈਸਲਾ ਖਾਸ ਸਮੀਖਿਆ ਦੇ ਘੇਰੇ ਵਿੱਚ ਵੀ ਰਹੇਗਾ। ਹਾਲ ਹੀ ਵਿੱਚ ਮੈਰਾਥਨ ਦੀ ਵਿਸ਼ਵ ਰਿਕਾਰਡ ਧਾਰਕ ਰੂਥ ਚੇਪਨਗੇਤਿਚ 'ਤੇ ਡੋਪਿੰਗ ਦੇ ਦੋਸ਼ਾਂ ਹੇਠ ਤਿੰਨ ਸਾਲ ਦੀ ਪਾਬੰਦੀ ਲਗਾਈ ਗਈ ਹੈ, ਜੋ ਕਿ ਪਿਛਲੇ ਦਹਾਕੇ ਦੌਰਾਨ ਪਾਬੰਦੀ ਦਾ ਸਾਹਮਣਾ ਕਰਨ ਵਾਲੇ ਕਈ ਪ੍ਰਮੁੱਖ ਕੀਨੀਆਈ ਦੌੜਾਕਾਂ ਵਿੱਚੋਂ ਇੱਕ ਹੈ। ਦੂਜੇ ਪਾਸੇ, ਹੰਗਰੀ ਵਿੱਚ ਹਾਲ ਹੀ ਵਿੱਚ ਖਤਮ ਹੋਈ ਤਿੰਨ ਦਿਨਾਂ 'ਅਲਟੀਮੇਟ ਚੈਂਪੀਅਨਸ਼ਿਪ' ਤੋਂ ਬਾਅਦ ਹੁਣ ਅਗਲੇ ਸਾਲ ਬੀਜਿੰਗ ਵਿੱਚ ਵਿਸ਼ਵ ਚੈਂਪੀਅਨਸ਼ਿਪ ਆਪਣੇ ਪੁਰਾਣੇ 10 ਦਿਨਾਂ ਦੇ ਰਵਾਇਤੀ ਫਾਰਮੈਟ ਵਿੱਚ ਵਾਪਸ ਪਰਤੇਗੀ।


author

Tarsem Singh

Content Editor

Related News