ਮੁਸ਼ਤਾਕ ਅਹਿਮਦ ਬਣੇ ਪਾਕਿ ਕ੍ਰਿਕਟ ਟੀਮ ਦੇ ਸਪਿਨ ਗੇਂਦਬਾਜ਼ੀ ਸਲਾਹਕਾਰ

12/13/2019 12:07:38 PM

ਕਰਾਚੀ— ਪਾਕਿਸਤਾਨ ਦੇ ਸਾਬਕਾ ਲੈੱਗ ਸਪਿਨਰ ਮੁਸ਼ਤਾਕ ਅਹਿਮਦ ਨੂੰ ਇਕ ਸਾਲ ਲਈ ਸਪਿਨ ਗੇਂਦਬਾਜ਼ੀ ਸਲਾਹਕਾਰ ਨਿਯੁਕਤ ਕੀਤਾ ਗਿਆ ਹੈ। ਮੁਸ਼ਤਾਕ ਦਾ ਪਹਿਲਾ ਕੰਮ ਤਜਰਬੇਕਾਰ ਲੈੱਗ ਸਪਿਨਰ ਯਾਸਿਰ ਸ਼ਾਹ ਦੇ ਨਾਲ ਲਾਹੌਰ ਸਥਿਤ ਰਾਸ਼ਟਰੀ ਕ੍ਰਿਕਟ ਅਕੈਡਮੀ 'ਚ ਕੰਮ ਕਰਕੇ ਉਨ੍ਹਾਂ ਨੂੰ ਸ਼੍ਰੀਲੰਕਾ ਖਿਲਾਫ ਕਰਾਚੀ 'ਚ ਦੂਜੇ ਟੈਸਟ ਲਈ ਤਿਆਰ ਕਰਨਾ ਹੈ।

ਪੀ. ਸੀ. ਬੀ. ਨੇ ਪੁਸ਼ਟੀ ਕੀਤੀ ਹੈ ਕਿ ਯਾਸਿਰ ਨੂੰ ਰਾਸ਼ਟਰੀ ਟੀਮ ਤੋਂ ਆਰਾਮ ਦੇ ਕੇ ਲਾਹੌਰ 'ਚ ਨਵੇਂ ਸਪਿਨ ਸਲਾਹਕਾਰ ਤੋਂ ਮਿਲਣ ਨੂੰ ਕਿਹਾ ਗਿਆ ਹੈ। ਟੈਸਟ ਕ੍ਰਿਕਟ 'ਚ 200 ਵਿਕਟਾਂ ਲੈ ਚੁੱਕੇ ਯਾਸਿਰ ਪਿਛਲੇ ਕੁਝ ਸਮੇਂ ਤੋਂ ਖ਼ਰਾਬ ਫਾਰਮ 'ਚ ਹਨ। ਮੁਸ਼ਤਾਕ ਰਾਸ਼ਟਰੀ ਕ੍ਰਿਕਟ ਅਕੈਡਮੀ 'ਚ ਅੰਡਰ-16 ਅਤੇ ਅੰਡਰ-19 ਦੇ ਘਰੇਲੂ ਗੇਂਦਬਾਜ਼ਾਂ ਦੇ ਨਾਲ ਸਾਲ 'ਚ 120 ਦਿਨ ਕੰਮ ਕਰਨਗੇ। ਵੈਸਟਇੰਡੀਜ਼ ਟੀਮ ਦੇ ਸਪਿਨਰ ਸਲਾਹਕਾਰ ਰਹਿ ਚੁੱਕੇ ਮੁਸ਼ਤਾਕ ਰਾਸ਼ਟਰੀ ਕ੍ਰਿਕਟ ਅਕੈਡਮੀ 'ਚ ਪਹਿਲਾਂ ਹੀ ਗੇਂਦਬਾਜ਼ੀ ਕੋਚ ਰਹਿ ਚੁੱਕੇ ਹਨ।

Tarsem Singh

This news is Content Editor Tarsem Singh