ਸ਼ਾਕਿਬ 'ਤੇ ਪਾਬੰਦੀ ਲੱਗਣ ਕਾਰਨ ਮੁਸਤਫਿਜ਼ੁਰ ਦਾ ਦਰਦ ਆਇਆ ਸਾਹਮਣੇ, ਕੀਤਾ ਇਹ ਭਾਵੁਕ ਟਵੀਟ

10/30/2019 5:02:48 PM

ਸਪੋਰਟਸ  ਡੈਸਕ : ਬੰਗਲਾਦੇਸ਼ ਦੇ ਸਰਵਸ੍ਰੇਸ਼ਠ ਆਲਰਾਊਂਡਰ ਸ਼ਾਕਿਬ ਅਲ ਹਸਨ 'ਤੇ ਹਾਲ ਹੀ 'ਚ 2 ਸਾਲ ਦੀ ਪਾਬੰਦੀ ਲੱਗੀ ਹੈ ਜਿਸ ਤੋਂ ਬਾਅਦ ਉਸ ਦੇ ਸਾਥੀ ਖਿਡਾਰੀ ਮੁਸਤਫਿਜ਼ੁਰ ਰਹਿਮਾਨ ਨੇ ਦੁੱਖ ਪ੍ਰਗਟਾਇਆ ਹੈ। ਰਹਿਮਾਨ ਨੇ ਸ਼ਾਕਿਬ ਲਈ ਇਕ ਭਾਵੁਕ ਟਵੀਟ ਪੋਸਟ ਕਰਦਿਆਂ ਲਿਖਿਆ ਕਿ ਤੁਹਾਡੇ ਬਿਨਾ ਖੇਡਣ ਦੇ ਬਾਰੇ ਸੋਚਣ 'ਤੇ ਹੀ ਬੁਰਾ ਲੱਗਦਾ ਹੈ। ਮੁਸਤਫਿਜ਼ੁਰ ਨੇ ਆਪਣੀ ਪੋਸਟ ਵਿਚ ਲਿਖਿਆ, ''ਉਮਰ ਪੱਧਰ....ਕੌਮਾਂਤਰੀ.....18 ਸਾਲ ਤੱਕ ਇਕੱਠੇ ਕ੍ਰਿਕਟ ਖੇਡਣਾ.....ਮੈਦਾਨ 'ਤੇ ਤੁਹਾਡੇ ਬਿਨਾ ਖੇਡਣ ਦੇ ਬਾਰੇ ਸੋਚਣ 'ਤੇ ਹੀ ਬੁਰਾ ਲੱਗਦਾ ਹੈ। ਮੈਨੂੰ ਭਰੋਸਾ ਹੈ ਕਿ ਤੁਸੀਂ ਦਮਦਾਰ ਤਰੀਕੇ ਨਾਲ ਜਲਦੀ ਵਾਪਸੀ ਕਰੋਗੇ। ਤੁਹਾਡੇ ਨਾਲ ਮੇਰਾ ਅਤੇ ਪੂਰੀ ਬੰਗਲਾਦੇਸ਼ ਟੀਮ ਦਾ ਸਮਰਥਨ ਹੈ। ਹਮੇਸ਼ਾ ਮਜ਼ਬੂਤ ਬਣੇ ਰਹਿਣਾ ਇੰਸ਼ਾਹਅੱਲਾਹ।''

ਇਸ ਤੋਂ ਇਲਾਵਾ ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਵੀ ਕਹਿ ਚੁੱਕੀ ਹੈ ਕਿ ਸਟਾਰ ਕ੍ਰਿਕਟਰ ਸ਼ਾਕਿਬ ਹਸਨ ਨੇ ਬੁਕੀ ਵੱਲੋਂ ਉਸ ਦੇ ਨਾਲ ਸੰਪਰਕ ਕਰਨ ਦੀ ਗੱਲ ਲੁਕਾ ਕੇ ਗਲਤੀ ਕੀਤੀ ਪਰ ਉਸ ਨੂੰ ਆਪਣੀ ਇਸ ਗਲਤੀ ਦਾ ਅਹਿਸਾਸ ਹੈ। ਆਈ. ਸੀ. ਸੀ. ਦੇ ਫੈਸਲੇ ਬਾਰੇ ਸਰਕਾਰ ਕੁਝ ਨਹੀਂ ਕਰ ਸਕਦੀ ਪਰ ਬੰਗਲਾਦੇਸ਼ ਕ੍ਰਿਕਟ ਬੋਰਡ ਅਤੇ ਪੂਰਾ ਬੰਗਲਾਦੇਸ਼ ਉਸ ਦੇ ਨਾਲ ਹੈ। ਜਾਣਕਾਰੀ ਲੁਕਾਉਣ ਕਾਰਨ ਕੌਮਾਂਤਰੀ ਕ੍ਰਿਕਟ ਪਰੀਸ਼ਦ ਨੇ ਮੰਗਲਵਾਰ ਨੂੰ ਇਕ ਵੱਡਾ ਫੈਸਲਾ ਲੈਂਦਿਆਂ ਉਸ 'ਤੇ 2 ਸਾਲ ਦੀ ਪਾਬੰਦੀ ਲਗਾਈ ਹੈ। ਸ਼ਾਕਿਬ ਨੇ ਵੀ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ ਸੀ ਕਿ ਮੈਨੂੰ ਬਹੁਤ ਦੁੱਖ ਹੈ ਕਿ ਜਿਸ ਖੇਡ ਨਾਲ ਮੈਂ ਬਹੁਤ ਪਿਆਰ ਕਰਦਾ ਹਾਂ ਉਸ 'ਤੇ ਪਾਬੰਦੀ ਲਗਾ ਦਿੱਤੀ ਗਈ ਹੈ ਪਰ ਆਈ. ਸੀ. ਸੀ. ਨੂੰ ਨਾ ਦੱਸਣ ਲਈ ਮੈਂ ਆਪਣੀ ਗਲਤੀ ਅਤੇ ਇਸ ਪਾਬੰਦੀ ਨੂੰ ਸਵੀਕਾਰ ਕਰਦਾ ਹਾਂ।