ਬੰਗਲਾਦੇਸ਼ ਵਨ ਡੇ ਟੀਮ ਦੀ ਕਪਤਾਨੀ ਤੋਂ ਹਟੇ ਮਸ਼ਰਫੀ

03/05/2020 8:12:12 PM

ਸਿਲਹਟ— ਬੰਗਲਾਦੇਸ਼ ਦੇ ਤੇਜ਼ ਗੇਂਦਬਾਜ਼ ਮਸ਼ਰਫੀ ਮੁਰਤਜਾ ਨੇ ਵੀਰਵਾਰ ਨੂੰ ਰਾਸ਼ਟਰੀ ਵਨ ਡੇ ਟੀਮ ਦੀ ਕਪਤਾਨੀ ਛੱਡ ਦਿੱਤੀ। ਸੰਭਾਵਨਾ ਹੈ ਕਿ ਇਸ ਨਾਲ ਦੇਸ਼ ਦੇ ਸਭ ਤੋਂ ਵੱਡੇ ਸਟਾਰ ਖਿਡਾਰੀ ਦਾ ਅੰਤਰਰਾਸ਼ਟਰੀ ਕਰੀਅਰ ਖਤਮ ਹੋ ਜਾਵੇਗਾ। ਸ਼ੁੱਕਰਵਾਰ ਨੂੰ ਸਿਲਹਟ 'ਚ ਜ਼ਿੰਬਾਬਵੇ ਵਿਰੁੱਧ 50 ਓਵਰ ਦੇ ਮੈਚ 'ਚ ਉਹ ਆਖਰੀ ਵਾਰ ਕਪਤਾਨ ਦੇ ਤੌਰ 'ਤੇ ਟੀਮ ਦੀ ਅਗਵਾਈ ਕਰਨਗੇ। ਮਸ਼ਰਫੀ ਦੇ ਲਈ ਹਾਲਾਂਕਿ ਸੰਸਦ ਦੇ ਤੌਰ 'ਤੇ ਨਵਾਂ ਕਰੀਅਰ ਬਣ ਚੁੱਕਿਆ ਹੈ। 36 ਸਾਲ ਦੇ ਇਸ ਖਿਡਾਰੀ ਨੇ ਕਿਹਾ ਕਿ ਬਤੌਰ ਖਿਡਾਰੀ ਚੋਣ ਦੇ ਲਈ ਉਪਲੱਬਧ ਰਹਾਂਗਾ ਪਰ ਚੋਣਕਰਤਾਵਾਂ 'ਤੇ ਭਾਰਤ 'ਚ 2023 ਵਿਸ਼ਵ ਕੱਪ ਤੋਂ ਪਹਿਲਾਂ ਟੀਮ 'ਚ ਨਵੇਂ ਖਿਡਾਰੀਆਂ ਨੂੰ ਲਿਆਉਣ ਦਾ ਦਬਾਅ ਹੈ। ਮਸ਼ਰਫੀ ਨੇ ਕਿਹਾ ਕਿ ਮੈਂ ਬੰਗਲਾਦੇਸ਼ ਕ੍ਰਿਕਟ ਬੋਰਡ ਦਾ ਧੰਨਵਾਦ ਕਰਦਾ ਹਾਂ ਕਿ ਜਿਨ੍ਹਾਂ ਨੇ ਇੰਨੇ ਲੰਮੇ ਸਮੇਂ ਤਕ ਮੇਰੇ 'ਤੇ ਭਰੋਸਾ ਦਿਖਾਇਆ। ਉਨ੍ਹਾਂ ਨੇ ਕਿਹਾ ਜੇਕਰ ਮੈਨੂੰ ਮੌਕਾ ਮਿਲਦਾ ਹੈ ਤਾਂ ਮੈਂ ਬਤੌਰ ਖਿਡਾਰੀ ਆਪਣਾ ਸਰਵਸ੍ਰੇਸ਼ਠ ਦੇਣ ਦੀ ਕੋਸ਼ਿਸ ਕਰਾਂਗਾ। ਪਿਛਲੇ ਸਾਲ ਵਿਸ਼ਵ ਕੱਪ ਤੋਂ ਬਾਅਦ ਮੌਜੂਦਾ ਜ਼ਿੰਬਾਬਵੇ ਸੀਰੀਜ਼ ਤਕ ਉਨ੍ਹਾਂ ਨੇ ਕੋਈ ਵਨ ਡੇ ਨਹੀਂ ਖੇਡਿਆ ਸੀ। ਜ਼ਿੰਬਾਬਵੇ ਵਿਰੁੱਧ ਬੰਗਲਾਦੇਸ਼ ਨੇ ਤਿੰਨ ਮੈਚਾਂ ਦੀ ਸੀਰੀਜ਼ ਦੇ ਸ਼ੁਰੂਆਤੀ 2 ਮੈਚ ਜਿੱਤ ਕੇ 2-0 ਦੀ ਅਜੇਤੂ ਬੜ੍ਹਤ ਬਣਾ ਲਈ ਹੈ। ਮਸ਼ਰਫੀ ਨੇ ਪਹਿਲੇ 2 ਮੈਚਾਂ 'ਚ ਤਿੰਨ ਵਿਕਟਾਂ ਹਾਸਲ ਕੀਤੀਆਂ।

Gurdeep Singh

This news is Content Editor Gurdeep Singh