IPL 2020 : ਇਨ੍ਹਾਂ ਤਿੰਨ ਧਾਕੜ ਕ੍ਰਿਕਟਰਾਂ ''ਤੇ ਚੈਂਪੀਅਨ MI ਖੇਡ ਸਕਦੀ ਹੈ ਵੱਡਾ ਦਾਅ

12/15/2019 12:42:05 PM

ਸਪੋਰਟਸ ਡੈਸਕ— ਇੰਡੀਅਨ ਪ੍ਰੀਮੀਅਰ ਲੀਗ-2020 (ਆਈ. ਪੀ. ਐੱਲ 2020) ਨੂੰ ਲੈ ਕੇ ਸਾਰੇ ਪ੍ਰਸ਼ੰਸਕ ਅਤੇ ਟੀਮਾਂ ਦੀਆਂ ਨਜ਼ਰਾਂ 19 ਦਸੰਬਰ ਦੀ ਨੀਲਾਮੀ 'ਤੇ ਹੋਣਗੀਆਂ। ਹਰ ਫ੍ਰੈਂਚਾਈਜ਼ੀ ਆਪਣੀ ਟੀਮ 'ਚ ਅਜਿਹੇ ਖਿਡਾਰੀਆਂ ਨੂੰ ਸ਼ਾਮਲ ਕਰਨਾ ਚਾਹੇਗੀ ਜਿਸ ਨਾਲ ਉਸ ਦੀ ਧਾਕ ਹੋਰ ਵੱਧ ਸਕੇ। ਪਿਛਲੀ ਵਾਰ ਦੀ ਚੈਂਪੀਅਨ ਟੀਮ ਮੁੰਬਈ ਇੰਡੀਅਨਜ਼ ਦਾ ਆਈ. ਪੀ. ਐੱਲ 'ਚ ਬੱਲੇਬਾਜ਼ੀ ਹੋਵੇ ਜਾਂ ਗੇਂਦਬਾਜ਼ੀ ਦੋਵੇਂ ਹੀ ਖੇਤਰ 'ਚ ਕੋਈ ਜਵਾਬ ਨਹੀਂ ਹੈ। ਇਸ ਟੀਮ 'ਚ ਇਕ ਪਾਸੇ ਜਿੱਥੇ ਪਾਵਰ ਹਿਟਰ ਵੀ ਹਨ ਤੇ ਦੂਜੇ ਪਾਸੇ ਦੁਨੀਆ ਦੇ ਸਫਲ ਅਤੇ ਤੇਜ਼ ਗੇਂਦਬਾਜ਼ ਵੀ। ਪਰ, ਇਸ ਨੀਲਾਮੀ 'ਚ ਜੇਕਰ ਚੈਂਪੀਅਨ ਟੀਮ ਇਨ੍ਹਾਂ ਤਿੰਨ ਖਿਡਾਰੀਆਂ 'ਤੇ ਦਾਅ ਖੇਡੇ ਤਾਂ ਉਸ ਦੀ ਮਜ਼ਬੂਤੀ ਹੋਰ ਵਧ ਸਕਦੀ ਹੈ।

1. ਟਾਮ ਬੈਂਟਨ

ਮੁੰਬਈ ਦੀ ਟੀਮ ਨੇ ਹਮੇਸ਼ਾ ਯੁਵਾ ਪਾਵਰ ਹਿਟਰ 'ਤੇ ਦਾਅ ਖੇਡਿਆ ਹੈ। ਅਜਿਹੇ 'ਚ ਇੰਗਲੈਂਡ ਦੇ ਟੀ-20 ਦੇ ਧਮਾਕੇਦਾਰ ਬੱਲੇਬਾਜ਼ ਟਾਮ ਬੈਂਟਨ ਦਾ ਨਾਂ ਭਲਾ ਕੋਈ ਕਿਵੇਂ ਭੁੱਲ ਸਕਦਾ ਹੈ ਜਿਸ ਨੇ ਨੈਟਵੈਸਟ ਟਰਾਫੀ 'ਚ 161 ਦੇ ਸਟ੍ਰਾਈਕ ਰੇਟ ਨਾਲ 549 ਦੌੜਾਂ ਬਣਾਈਆਂ। ਮੁੰਬਈ ਦੀ ਟੀਮ ਉਸ ਨੂੰ ਆਪਣੀ ਟੀਮ 'ਚ ਸ਼ਾਮਲ ਕਰਕੇ ਰੋਹਿਤ ਦੇ ਨਾਲ ਬਤੌਰ ਓਪਨਰ ਉਤਾਰ ਸਕਦੀ ਹੈ। ਨਾਲ ਹੀ ਟੀਮ ਉਸ ਨੂੰ ਮਿਡਲ ਆਰਡਰ 'ਚ ਵੀ ਪੋਲਾਰਡ ਦੀ ਜਗ੍ਹਾ ਇਸਤੇਮਾਲ ਕਰ ਸਕਦੀ ਹੈ।

2. ਐਡਮ ਜ਼ਾਂਪਾ

ਕਰੁਣਾਲ ਪੰਡਯਾ ਦੇ ਨਾਲ ਹੀ ਮੁੰਬਈ ਇੰਡੀਅਨਜ਼ ਆਪਣੀ ਸਪਿਨ ਗੇਂਦਬਾਜ਼ੀ ਦੀ ਧਾਰ ਨੂੰ ਹੋਰ ਮਜ਼ਬੂਤ ਕਰਨ ਲਈ ਆਸਟਰੇਲੀਆ ਦੇ ਸਟਾਰ ਗੇਂਦਬਾਜ਼ ਐਡਮ ਜ਼ਾਂਪਾ 'ਤੇ ਦਾਅ ਖੇਡ ਸਕਦੀ ਹੈ। ਆਪਣੇ ਡੈਬਿਊ ਸੀਜ਼ਨ 'ਚ ਜ਼ਾਂਪਾ ਨੇ ਪੁਣੇ ਲਈ ਖੇਡਦੇ ਹੋਏ 6 ਵਿਕਟਾਂ ਝਟਕਾਈਆਂ ਸਨ। ਹਾਲਾਂਕਿ ਪਿਛਲੇ ਸਾਲ ਉਹ ਨਹੀਂ ਵਿਕੇ ਪਰ ਇਸ ਸੀਜ਼ਨ ਮੁੰਬਈ ਦੀ ਟੀਮ ਉਸ 'ਤੇ ਵੱਡੇ ਦਾਅ ਖੇਡ ਸਕਦੀ ਹੈ।

3. ਯਸ਼ਸਵੀ ਜਾਇਸਵਾਲ


ਇਕ ਨੌਜਵਾਨ ਭਾਰਤੀ ਖਿਡਾਰੀ ਜਿਸ 'ਤੇ ਇਨ੍ਹਾਂ ਦਿਨਾਂ 'ਚ ਸਾਰਿਆਂ ਦੀਆਂ ਨਜ਼ਰਾਂ ਲੱਗੀਆਂ ਹੋਈਆਂ ਹਨ ਉਸ ਦਾ ਨਾਂ ਹੈ ਯਸ਼ਸਵੀ ਜਾਇਸਵਾਲ। ਅਜੇ ਹਾਲ ਹੀ 'ਚ ਦੋਹਰਾ ਸੈਂਕੜਾ ਜੜ ਕੇ ਯਸ਼ਸਵੀ ਸਭ ਤੋਂ ਯੁਵਾ ਬੱਲੇਬਾਜ਼ ਬਣੇ ਹਨ ਜਿਸ ਨੇ ਫਰਸਟ ਕਲਾਸ ਕ੍ਰਿਕਟ 'ਚ ਇਹ ਕਾਰਨਾਮਾ ਕੀਤਾ ਹੋਵੇ। ਇਸ ਤੋਂ ਇਲਾਵਾ ਵਿਜੇ ਹਜ਼ਾਰੇ ਟਰਾਫੀ 'ਚ ਉਨ੍ਹਾਂ ਨੇ 25 ਛੱਕੇ ਜੜੇ ਸਨ। ਇਹ ਸਾਬਤ ਕਰਦਾ ਹੈ ਕਿ ਮੁੰਬਈ ਨੂੰ ਉਸ ਨੂੰ ਆਪਣੀ ਟੀਮ 'ਚ ਸ਼ਾਮਲ ਕਰਨਾ ਚਾਹੀਦਾ ਹੈ ਜੋ ਕੁਇੰਟਨ ਡੀਕਾਕ ਦੀ ਕਮੀ ਨੂੰ ਕਾਫੀ ਹੱਦ ਤੱਕ ਪੂਰਾ ਕਰ ਸਕਦਾ ਹੈ।

Tarsem Singh

This news is Content Editor Tarsem Singh