ਸਾਬਕਾ ਕ੍ਰਿਕਟਰ ਨਮਨ ਓਝਾ ਦੇ ਪਿਤਾ ਗ੍ਰਿਫ਼ਤਾਰ, ਇਸ ਮਾਮਲੇ 'ਚ 8 ਸਾਲ ਤੋਂ ਸਨ ਫਰਾਰ

06/07/2022 1:42:21 PM

ਬੈਤੂਲ (ਏਜੰਸੀ)- ਮੱਧ ਪ੍ਰਦੇਸ਼ ਪੁਲਸ ਨੇ ਸਾਬਕਾ ਭਾਰਤੀ ਕ੍ਰਿਕਟਰ ਨਮਨ ਓਝਾ ਦੇ ਪਿਤਾ ਨੂੰ 2013 ਵਿਚ ਬੈਤੂਲ ਜ਼ਿਲ੍ਹੇ ਵਿਚ ਕਥਿਤ ਤੌਰ 'ਤੇ ਫੰਡਾਂ ਦੇ ਘਪਲੇ ਦੇ ਮਾਮਲੇ ਵਿਚ ਗ੍ਰਿਫ਼ਤਾਰ ਕੀਤਾ ਹੈ। ਨਮਨ ਦੇ ਪਿਤਾ 'ਤੇ ਬੈਂਕ ਮੈਨੇਜਰ ਰਹਿੰਦੇ ਸਵਾ ਕਰੋੜ ਰੁਪਏ ਦੇ ਘਪਲੇ ਦਾ ਦੋਸ਼ ਹੈ। ਇਕ ਅਧਿਕਾਰੀ ਨੇ ਮੰਗਲਵਾਰ ਨੂੰ ਇਸ ਸਬੰਧੀ ਜਾਣਕਾਰੀ ਦਿੱਤੀ। ਅਧਿਕਾਰੀ ਨੇ ਦੱਸਿਆ ਕਿ ਮਾਮਲੇ ਦੇ ਬਾਕੀ ਸਾਰੇ ਮੁਲਜ਼ਮਾਂ ਨੂੰ ਪਹਿਲਾਂ ਹੀ ਗ੍ਰਿਫ਼ਤਾਰ ਕਰ ਲਿਆ ਗਿਆ ਸੀ। ਮੁਲਤਾਈ ਥਾਣਾ ਇੰਚਾਰਜ ਸੁਨੀਲ ਲਤਾ ਨੇ ਦੱਸਿਆ ਕਿ ਵੀਕੇ ਓਝਾ, ਜੋ ਫਰਾਰ ਸੀ, ਨੂੰ ਸੋਮਵਾਰ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਗ੍ਰਿਫ਼ਤਾਰੀ ਤੋਂ ਬਾਅਦ, ਵੀਕੇ ਓਝਾ ਨੂੰ ਪੁਲਸ ਨੇ ਅਦਾਲਤ ਵਿਚ ਪੇਸ਼ ਕੀਤਾ, ਜਿੱਥੋਂ ਉਨ੍ਹਾਂ ਨੂੰ ਇਕ ਦਿਨ ਦੀ ਪੁਲਸ ਰਿਮਾਂਡ 'ਤੇ ਭੇਜ ਦਿੱਤਾ ਗਿਆ ਹੈ। ਅਧਿਕਾਰੀ ਨੇ ਦੱਸਿਆ ਕਿ ਪੁਲਸ ਉਸ ਤੋਂ ਪੁੱਛਗਿੱਛ ਕਰ ਰਹੀ ਹੈ।

ਇਹ ਵੀ ਪੜ੍ਹੋ: ਨਿਊਯਾਰਕ 'ਚ ਨਵਾਂ ਕਾਨੂੰਨ ਪਾਸ, 21 ਸਾਲ ਤੋਂ ਘੱਟ ਉਮਰ ਦੇ ਲੋਕ ਨਹੀਂ ਖ਼ਰੀਦ ਸਕਣਗੇ 'ਰਾਈਫਲ'

ਅਧਿਕਾਰੀ ਮੁਤਾਬਕ ਇਹ ਮਾਮਲਾ ਕਥਿਤ ਧੋਖਾਧੜੀ ਨਾਲ ਸਬੰਧਤ ਹੈ, ਜਦੋਂ ਕ੍ਰਿਕਟਰ ਦੇ ਪਿਤਾ ਵੀ ਕੇ ਓਝਾ 2013 ਵਿੱਚ ਬੈਤੁਲ ਦੇ ਜੌਲਖੇੜਾ ਖੇਤਰ ਵਿੱਚ ਬੈਂਕ ਆਫ਼ ਮਹਾਰਾਸ਼ਟਰ ਦੀ ਸ਼ਾਖਾ ਦੇ ਮੈਨੇਜਰ ਵਜੋਂ ਤਾਇਨਾਤ ਸਨ। 2014 ਵਿੱਚ ਇੱਥੋਂ ਦੇ ਮੁਲਤਾਈ ਕਸਬੇ ਵਿੱਚ ਪੁਲਸ ਨੇ ਕਰੀਬ 1.25 ਕਰੋੜ ਰੁਪਏ ਦੇ ਕਥਿਤ ਘਪਲੇ ਦਾ ਕੇਸ ਦਰਜ ਕੀਤਾ ਸੀ। ਇਸ ਮਾਮਲੇ ਵਿਚ 2014 ਵਿਚ ਉਸ ਸਮੇਂ ਦੇ ਮੈਨੇਜਰ ਰਹੇ ਨਮਨ ਦੇ ਪਿਤਾ ਵੀਕੇ ਓਝਾ 'ਤੇ ਐੱਫ.ਆਈ.ਆਰ. ਦਰਜ ਕੀਤੀ ਗਈ ਸੀ। ਉਨ੍ਹਾਂ 'ਤੇ ਧੋਖਾਧੜੀ ਸਮੇਤ ਹੋਰ ਧਾਰਾਵਾਂ ਤਹਿਤ ਕੇਸ ਦਰਜ ਕਰਾਇਆ ਗਿਆ ਸੀ ਅਤੇ ਉਦੋਂ ਤੋਂ ਹੀ ਵੀਕੇ ਓਝਾ ਫਰਾਰ ਚੱਲ ਰਹੇ ਸਨ। ਇਹ ਕੇਸ ਭਾਰਤੀ ਦੰਡਾਵਲੀ ਦੀਆਂ ਧਾਰਾਵਾਂ 409 (ਲੋਕ ਸੇਵਕ ਦੁਆਰਾ ਭਰੋਸੇ ਦੀ ਅਪਰਾਧਿਕ ਉਲੰਘਣਾ), 420 (ਧੋਖਾਧੜੀ), 467 (ਕੀਮਤੀ ਸੁਰੱਖਿਆ ਦੀ ਜਾਅਲਸਾਜ਼ੀ), 468 (ਧੋਖਾਧੜੀ ਦੇ ਉਦੇਸ਼ ਨਾਲ ਜਾਅਲਸਾਜ਼ੀ), 471 (ਜਾਅਲੀ ਦਸਤਾਵੇਜ਼) ਅਤੇ 120-B (ਅਪਰਾਧਿਕ ਸਾਜ਼ਿਸ਼), ਦੇ ਤਹਿਤ ਦਰਜ ਕੀਤਾ ਗਿਆ ਸੀ।

ਇਹ ਵੀ ਪੜ੍ਹੋ: ਸਿੱਧੂ ਮੂਸੇਵਾਲਾ ਤੋਂ ਬਾਅਦ ਮਸ਼ਹੂਰ ਅਮਰੀਕੀ ਰੈਪਰ ਟ੍ਰਬਲ ਦਾ ਗੋਲੀ ਮਾਰ ਕੇ ਕਤਲ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੂੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।

 

 


cherry

Content Editor

Related News