ਮੋਰਗਨ ਨੇ ਛੱਕਿਆਂ ਦੇ ਰਿਕਾਰਡ 'ਤੇ ਕਿਹਾ, ਕਦੇ ਸੋਚਿਆ ਨਹੀਂ ਸੀ ਕਿ ਇਸ ਤਰ੍ਹਾਂ ਦੀ ਪਾਰੀ ਖੇਡਾਂਗਾ

06/20/2019 10:47:07 AM

ਮਾਨਚੈਸਟਰ - ਅਫਗਾਨਿਸਤਾਨ ਖਿਲਾਫ ਆਈ. ਸੀ. ਸੀ. ਵਿਸ਼ਵ ਕੱਪ ਰਿਕਾਰਡ ਕਾਇਮ ਕਰਨ ਵਾਲੇ ਇੰਗਲੈਂਡ ਦੇ ਕਪਤਾਨ ਇਯੋਨ ਮੋਰਗਨ ਨੇ ਕਿਹਾ ਕਿ ਉਸ ਨੇ ਕਦੇ ਸੋਚਿਆ ਨਹੀਂ ਸੀ ਕਿ ਉਸ ਦੇ ਬੱਲੇ ਤੋਂ ਇਸ ਤਰ੍ਹਾਂ ਦੀ ਪਾਰੀ ਨਿਕਲੇਗੀ। ਮੋਰਗਨ ਨੇ ਮੰਗਲਵਾਰ ਨੂੰ ਆਪਣੇ ਖੇਡਦੇ ਹੋਏ 71 ਗੇਂਦਾਂ ਵਿਚ ਰਿਕਾਰਡ 17 ਛੱਕੇ ਅਤੇ 4 ਚੌਕਿਆਂ ਦੀ ਬਦੌਲਤ 148 ਦੌੜਾਂ ਬਣਾਈਆਂ। ਮੋਰਗਨ ਇਕ ਦਿਨਾ ਕ੍ਰਿਕਟ ਵਿਚ ਪਹਿਲਾ ਬੱਲੇਬਾਜ਼ ਹੈ, ਜਿਸ ਨੇ ਛੱਕਿਆਂ ਨਾਲ ਹੀ 100 ਤੋਂ ਜ਼ਿਆਦਾ ਦੌੜਾਂ ਬਣਾਈਆਂ।

ਇਸ ਤੋਂ ਪਹਿਲਾਂ ਇਕ ਦਿਨਾ ਅੰਤਰਰਾਸ਼ਟਰੀ ਮੈਚ ਵਿਚ ਸਭ ਤੋਂ ਵੱਧ ਛੱਕਿਆਂ ਦਾ ਰਿਕਾਰਡ ਭਾਰਤ ਦੇ ਰੋਹਿਤ ਸ਼ਰਮਾ, ਵੈਸਟਇੰਡੀਜ਼ ਦੇ ਸਲਾਮੀ ਬੱਲੇਬਾਜ਼ ਕ੍ਰਿਸ ਗੇਲ ਅਤੇ ਦੱਖਣੀ ਅਫਰੀਕਾ ਦੇ ਏ. ਬੀ. ਡਿਵੀਲੀਅਰਜ਼ ਦੇ ਨਾਂ ਸੀ। ਇਨ੍ਹਾਂ ਨੇ 16-16 ਛੱਕੇ ਲਾਏ ਸਨ।



ਮੋਰਗਨ ਨੇ ਕਿਹਾ ਕਿ ਮੈਂ ਕਦੇ ਨਹੀਂ ਸੋਚਿਆ ਸੀ ਕਿ ਇਸ ਤਰ੍ਹਾਂ ਨਾਲ ਇਕ ਪਾਰੀ ਖੇਡ ਸਕਦਾ ਹਾਂ ਪਰ ਮੈਨੂੰ ਖੁਸ਼ੀ ਹੈ ਕਿ ਮੈਂ ਇਸ ਤਰ੍ਹਾਂ ਕੀਤਾ। ਇਹ ਅਜੀਬ ਹੈ। ਛੱਕਿਆਂ ਦਾ ਰਿਕਾਰਡ ਵੀ ਅਜੀਬ ਹੈ। ਮੈਂ ਇਸ ਤਰ੍ਹਾਂ ਦਾ ਕਾਰਨਾਮਾ ਕਰਨ ਬਾਰੇ ਸੋਚਿਆ ਨਹੀਂ ਸੀ ਪਰ ਇਸ ਤਰ੍ਹਾਂ ਕਰਨਾ ਵਧੀਆ ਹੈ। 32 ਸਾਲ ਦੇ ਇਸ ਖਿਡਾਰੀ ਨੇ ਕਿਹਾ ਕਿ ਪਿਛਲੇ 4 ਸਾਲਾਂ ਵਿਚ ਸ਼ਾਇਦ ਮੈਂ ਆਪਣੇ ਕਰੀਅਰ ਦਾ ਸਰਵਸ਼੍ਰੇਸ਼ਠ ਕ੍ਰਿਕਟ ਖੇਡਿਆ ਹੈ ਪਰ ਕਦੇ 50 ਜਾਂ 60 ਗੇਂਦਾਂ ਵਿਚ ਸੈਂਕੜਾ ਨਹੀਂ ਲਾਇਆ ਹੈ।